ਆਸਟ੍ਰੇਲੀਆ ''ਚ ਫੇਸਬੁੱਕ ਡਾਟਾ ਚੋਰੀ ਦੀ ਹੋਵੇਗੀ ਜਾਂਚ

04/05/2018 5:38:51 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਵਿਚ ਵੀ ਫੇਸਬੁੱਕ ਦੀ ਜਾਂਚ ਹੋਵੇਗੀ। ਦਰਅਸਲ ਬ੍ਰਿਟਿਸ਼ ਫਰਮ ਨੇ ਫੇਸਬੁੱਕ ਉਪਯੋਗਕਰਤਾਵਾਂ ਦਾ ਨਿੱਜੀ ਡਾਟਾ ਅਨੁਚਿਤ ਢੰਗ ਨਾਲ ਸਾਂਝਾ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਫੇਸਬੁੱਕ ਨੇ ਕਿਹਾ ਕਿ 3 ਲੱਖ ਤੋਂ ਵਧ ਆਸਟ੍ਰੇਲੀਆਈ ਉਪਯੋਗਕਰਤਾਵਾਂ ਸਮੇਤ ਦੁਨੀਆ ਭਰ ਵਿਚ 8.7 ਕਰੋੜ ਲੋਕਾਂ ਦਾ ਡਾਟਾ 'ਕੈਮਬ੍ਰਿਜ ਐਨਾਲਿਟਿਕਾ' ਨਾਲ ਸਾਂਝਾ ਕੀਤਾ ਗਿਆ ਹੈ। ਉਪਯੋਗਕਰਤਾਵਾਂ ਦੀ ਨਿਜੀ ਜਾਣਕਾਰੀਆਂ ਨਾਲ ਨਜਿੱਠਣ ਨੂੰ ਲੈ ਕੇ ਫੇਸਬੁੱਕ ਆਲੋਚਨਾਵਾਂ ਦਾ ਸ਼ਿਕਾਰ ਹੈ, ਕਿਉਂਕਿ ਖਬਰਾਂ ਹਨ ਬ੍ਰਿਟਿਸ਼ ਫਰਮ ਨੇ ਡੋਨਾਲਡ ਟਰੰਪ ਦੇ 2016 ਦੀਆਂ ਰਾਸ਼ਟਰਪਤੀ ਅਹੁਦੇ ਦੇ ਚੋਣ ਪ੍ਰਚਾਰ 'ਤੇ ਆਪਣੇ ਕੰਮ ਲਈ ਭਾਰੀ ਮਾਤਰਾ ਵਿਚ ਡਾਟਾ ਇਕੱਠਾ ਕੀਤਾ ਸੀ। 
ਇਕ ਬਿਆਨ ਵਿਚ ਕਿਹਾ ਗਿਆ ਕਿ ਜਾਂਚ ਵਿਚ ਇਸ ਗੱਲ 'ਤੇ ਗੌਰ ਕੀਤਾ ਜਾਵੇਗਾ ਕਿ ਫੇਸਬੁੱਕ ਨੇ ਨਿਜਤਾ ਕਾਨੂੰਨ ਦਾ ਉਲੰਘਣ ਕੀਤਾ ਹੈ ਜਾਂ ਨਹੀਂ। ਦੱਸਣਯੋਗ ਹੈ ਕੈਮਬ੍ਰਿਜ ਐਨਾਲਿਟਿਕਾ ਵਲੋਂ ਫੇਸਬੁੱਕ ਦੇ ਤਕਰੀਬਨ 5 ਕਰੋੜ ਯੂਜ਼ਰਸ ਦਾ ਡਾਟਾ ਲੀਕ ਹੋਣ ਤੋਂ ਬਾਅਦ ਬਵਾਲ ਮਚਿਆ ਹੋਇਆ ਹੈ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਅਮਰੀਕਾ ਦੇ ਨਾਲ-ਨਾਲ ਭਾਰਤ 'ਚ ਵੀ ਕਈ ਚੋਣਾਂ 'ਚ ਫੇਸਬੁੱਕ ਡਾਟਾ ਦੀ ਵਰਤੋਂ ਕੀਤੀ ਗਈ ਅਤੇ ਉਸ ਡਾਟਾ ਰਾਹੀਂ ਪਾਰਟੀਆਂ ਨੂੰ ਜਿੱਤ ਵੀ ਮਿਲੀ। ਹਾਲਾਂਕਿ ਇਸ ਬਵਾਲ ਤੋਂ ਬਾਅਦ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਮੁਆਫ਼ੀ ਮੰਗੀ ਹੈ।