ਫੇਸਬੁੱਕ ''ਤੇ ਦੋਸਤੀ ਕਰਨੀ ਇਸ ਔਰਤ ਨੂੰ ਪਈ ਭਾਰੀ, ਲੱਗਾ ਲੱਖਾਂ ਡਾਲਰ ਦਾ ਚੂਨਾ

11/02/2017 3:39:58 PM

ਸਿਡਨੀ(ਬਿਊਰੋ)— ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਇਕ ਪੈਟਰੀਸੀਆ ਮੇਸਟਰ ਨਾਂ ਦੀ ਔਰਤ ਨਾਲ ਇਕ ਵਿਅਕਤੀ ਨੇ ਪਹਿਲਾਂ ਦੋਸਤੀ ਕੀਤੀ ਅਤੇ ਫਿਰ ਪਿਆਰ ਦਾ ਝਾਂਸਾ ਦੇ ਕੇ ਲੱਖਾਂ ਡਾਲਰ ਦਾ ਚੂਨਾ ਲਗਾ ਦਿੱਤਾ, ਜਿਸ ਤੋਂ ਬਾਅਦ ਹੁਣ ਉਹ ਔਰਤ ਦੂਜਿਆਂ ਨੂੰ ਇਸ ਤਰ੍ਹਾਂ ਦੇ ਫਰਾਡ ਤੋਂ ਬਚਾਉਣ ਲਈ ਜਾਗਰੂਕ ਕਰਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਵਪਾਰ ਲਈ ਫੇਸਬੁੱਕ ਯੂਜ ਕਰਦੀ ਸੀ ਅਤੇ ਕਿਸੇ ਵੀ ਡੇਟਿੰਗ ਸਾਇਟ ਉੱਤੇ ਰਜਿਸਟਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਦੋਂ 2015 ਵਿਚ ਮੈਨੂੰ ਫਰੈਂਡਸ਼ਿਪ ਦੀ ਰਿਕਵੇਸਟ ਮਿਲੀ ਤਾਂ ਮੈਂ ਸੋਚਿਆ ਕਿ ਇਸ ਤੋਂ ਕੋਈ ਨੁਕਸਾਨ ਨਹੀਂ ਹੋਵੇਗਾ। ਉਸ ਸਮੇਂ ਮੈਂ ਇਕੱਲੇਪਣ ਤੋਂ ਲੰਘ ਰਹੀ ਸੀ, ਇਸ ਲਈ ਮੈਂ ਰਿਕਵੈਸਟ ਐਕਸੈਪਟ ਕਰ ਲਈ। ਗੱਲਬਾਤ ਦੌਰਾਨ ਉਨ੍ਹਾਂ ਨੂੰ ਕਾਰਲੋਸ ਦੀ ਅੰਗਰੇਜ਼ੀ ਚੰਗੀ ਲੱਗੀ ਅਤੇ ਉਹ ਬਹੁਤ ਰੋਮਾਂਟਿਕ ਸੀ।
ਕਾਰਲੋਸ ਨੇ ਔਰਤ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਇਕ ਸਥਾਈ ਰਿਸ਼ਤੇ ਲਈ ਪਾਰਟਨਰ ਦੀ ਤਲਾਸ਼ ਕਰ ਰਿਹਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਬ੍ਰਿਸਬੇਨ ਵਿਚ ਇਕ ਇੰਟੀਰੀਅਰ ਡਿਜ਼ਾਇਨਰ ਸੀ, ਜੋ ਕਿ ਪੈਟਰੀਸੀਆ ਮੇਸਟਰ ਦੇ ਘਰ ਤੋਂ ਦੂਰ ਨਹੀਂ ਸੀ। ਹੌਲੀ-ਹੌਲੀ ਉਹ ਕਾਰਲੋਸ ਦੇ ਝੂਠੇ ਪਿਆਰ ਦੇ ਜਾਲ ਵਿਚ ਫਸ ਗਈ। ਇਸ ਤੋਂ ਬਾਅਦ ਪੈਟਰੀਸੀਆ ਨੇ ਕਿਹਾ ਕਿ ਧੋਖੇਬਾਜ ਨੇ ਉਸ ਨੂੰ ਕਥਿਤ ਤੌਰ ਉੱਤੇ ਕਿਹਾ ਕਿ ਉਹ ਇਕ ਪ੍ਰੋਜੈਕਟ ਲਈ ਮਲੇਸ਼ੀਆ ਵਿਚ ਹੈ ਅਤੇ ਉੱਥੇ ਉਸ ਦਾ ਕਰੈਡਿਟ ਕਾਰਡ ਕੰਮ ਨਹੀਂ ਕਰ ਰਿਹਾ ਹੈ। ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ, ਜਿਸ ਤੋਂ ਬਾਅਦ ਪੈਟਰੀਸੀਆ ਨੇ ਉਸ ਨੂੰ ਕਦੇ 600 ਡਾਲਰ ਅਤੇ ਕਦੇ 7000 ਡਾਲਰ ਤੱਕ ਭੇਜ ਦਿੱਤੇ। ਇਸ ਤਰ੍ਹਾਂ ਹੀ ਕਈ ਡਾਲਰ ਭੇਜਣ ਦਾ ਸਿਲਸਿਲਾ ਚੱਲਦਾ ਰਿਹਾ। ਕਾਰਲੋਸ ਨੇ ਦਾਅਵਾ ਕੀਤਾ ਕਿ ਉਹ ਸਾਰਾ ਪੈਸਾ ਕੋਰੀਅਰ ਕਰ ਵਾਪਸ ਕਰ ਦੇਵੇਗਾ।
ਪਾਰਸਲ ਪ੍ਰੋਸੈਸ ਦੌਰਾਨ ਪੈਟਰੀਸੀਆ ਨੇ ਦੇਖਿਆ ਕਿ ਕਆਲਾਲੰਪੁਰ ਏਅਰਪੋਰਟ ਉੱਤੇ ਉਸ ਦਾ ਪਾਰਸਲ ਅਟਕ ਗਿਆ ਹੈ ਅਤੇ ਕੈਸ਼ ਦੇ ਪੈਕੇਟ ਨੂੰ ਜਾਣ ਦੇਣ ਲਈ 25 ਹਜ਼ਾਰ ਡਾਲਰ ਦੀ ਫੀਸ ਭਰਨੀ ਹੋਵੇਗੀ ਅਤੇ ਉਨ੍ਹਾਂ ਨੇ ਉਥੇ ਵੀ ਪੈਸੇ ਭਰ ਦਿੱਤੇ। ਫਿਰ ਫੋਨ ਆਇਆ ਕਿ ਕਾਰਲੋਸ ਅਤੇ ਉਸ ਦੇ ਵਕੀਲ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਨ੍ਹਾਂ ਦੇ ਮੈਡੀਕਲ ਬਿੱਲ ਨੂੰ ਭਰਨ ਲਈ ਪੈਸਿਆਂ ਦੀ ਜ਼ਰੂਰਤ ਹੈ। ਉਦੋਂ ਜਾ ਕੇ ਪੈਟਰੀਸੀਆ ਨੇ ਪੈਸੇ ਭਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਸਮਝ ਆ ਚੁੱਕਿਆ ਸੀ ਕਿ ਉਹ ਫਰਾਡ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਵਿਚ ਮਾਮਲੇ ਦੀ ਸ਼ਿਕਾਇਤ ਕੀਤੀ। ਅੱਗੇ ਪੈਟਰੀਸੀਆ ਨੇ ਦੱਸਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਮੂਰਖ ਲੋਕਾਂ ਨਾਲ ਹੀ ਫਰਾਡ ਕੀਤਾ ਜਾ ਸਕਦਾ ਹੈ ਪਰ ਪੜ੍ਹੇ ਲਿਖੇ ਅਤੇ ਸੂਝਵਾਨ ਲੋਕ ਵੀ ਝਾਂਸੇ ਵਿਚ ਆ ਹੀ ਜਾਂਦੇ ਹਨ।