ਆਸਟ੍ਰੇਲੀਆ ਦੇ ਹਵਾਈ ਅੱਡਿਆਂ ''ਤੇ ਚੱਪੇ-ਚੱਪੇ ਦੀ ਹੋ ਰਹੀ ਜਾਂਚ, ਮੁਸਾਫਰਾਂ ਦੀਆਂ ਲੱਗੀਆਂ ਕਤਾਰਾਂ

07/31/2017 5:41:38 PM

ਮੈਲਬੌਰਨ(ਜੋਗਿੰਦਰ ਸਿੰਘ ਸੰਧੂ)— ਹਵਾਈ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਸਾਜਿਸ਼ ਬੇਨਕਾਬ ਹੋ ਜਾਣ ਪਿੱਛੋਂ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਬਹੁਤ ਸਖਤ ਕੀਤੇ ਜਾਣ ਕਾਰਨ ਮੁਸਾਫਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਹਵਾਈ ਸੁਰੱਖਿਆ ਨਾਲ ਸੰਬੰਧਿਤ ਏਜੰਸੀਆਂ ਮੁਸਾਫਰਾਂ ਦੇ ਨਾਲ-ਨਾਲ ਸਾਮਾਨ ਦੀ ਵੀ ਡੂੰਘਾਈ ਨਾਲ ਜਾਂਚ-ਪੜਤਾਲ ਕਰ ਰਹੀਆਂ ਹਨ। ਜਿੱਥੇ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਮੁਸਾਫਰਾਂ ਨੂੰ ਵੀ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸਾਮਾਨ ਜਾਂਚ ਕਰਨ ਵਿਚ ਵਧੇਰੇ ਸਮਾਂ ਲੱਗ ਸਕਦਾ ਹੈ। ਕੁਝ ਲੋਕ ਆਪਣੇ ਯਾਤਰਾ ਪ੍ਰੋਗਰਾਮਾਂ ਵਿਚ ਤਬਦੀਲੀ ਵੀ ਕਰ ਰਹੇ ਹਨ। ਸਿਡਨੀ ਅਤੇ ਮੈਲਬੌਰਨ ਦੇ ਹਵਾਈ ਅੱਡਿਆਂ 'ਤੇ ਵੱਡੀ ਗਿਣਤੀ ਵਿਚ ਸੁਰੱਖਿਆ ਫੌਜਾਂ ਤਾਇਨਾਤ ਕੀਤੀਆਂ ਗਈਆਂ ਹਨ। ਆਸਟ੍ਰੇਲੀਆ ਦੀ ਟਰਨਬੁੱਲ ਦੀ ਸਰਕਾਰ ਨੇ ਅੱਤਵਾਦੀਆਂ ਦੀ ਸਾਜਿਸ਼ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਫੜੇ ਗਏ 4 ਅੱਤਵਾਦੀ ਇਸਲਾਮਿਕ ਸਟੇਟ ਨਾਲ ਸੰਬੰਧਿਤ ਦੱਸੇ ਗਏ ਹਨ, ਜਿਹੜੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਸਾਜਿਸ਼ ਘੜ ਰਹੇ ਸਨ। ਉਨ੍ਹਾਂ ਕੋਲੋਂ ਇਸ ਸੰਬੰਧ ਵਿਚ ਕੁਝ ਲਿਖਤੀ ਸਮੱਗਰੀ ਵੀ ਬਰਾਮਦ ਹੋਈ ਹੈ।