ਆਸਟ੍ਰੇਲੀਆ ਦੀ ਕੰਪਨੀ ਜੈਟਸਟਾਰ ਨੇ ਕੀਤੀਆਂ 9 ਉਡਾਣਾਂ ਰੱਦ

12/01/2017 12:22:09 PM

ਕੈਨਬਰਾ (ਵਾਰਤਾ)—  ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੀ ਹਵਾਬਾਜੀ ਕੰਪਨੀ ਜੈਟਸਟਾਰ ਨੇ ਇੰਡੋਨੇਸ਼ੀਆ ਦੇ ਬਾਲੀ ਵਿਚ ਮਾਊਂਟ ਆਗੁੰਗ ਜਵਾਲਾਮੁਖੀ ਧਮਾਕੇ ਕਾਰਨ ਉਥੋਂ ਦੀਆਂ 15 ਉਡਾਣਾਂ ਵਿਚੋਂ 9 ਉਡਾਣਾਂ ਰੱਦ ਕਰ ਦਿੱਤੀਆਂ। ਮਾਊਂਟ ਆਗੁੰਗ ਵਿਚ ਧਮਾਕੇ ਕਾਰਨ ਨਿਕਲੇ ਧੂੰਏਂ ਅਤੇ ਸੁਆਹ ਦੇ ਭਿਆਨਕ ਗੁਬਾਰ ਕਾਰਨ ਬਾਲੀ ਹਵਾਈ ਅੱਡੇ ਦੇ ਸੋਮਵਾਰ ਤੋਂ ਬੰਦ ਰਹਿਣ ਕਾਰਨ ਆਸਟ੍ਰੇਲੀਆ, ਚੀਨ ਅਤੋ ਹੋਰ ਦੇਸ਼ਾਂ ਦੇ ਹਜ਼ਾਰਾਂ ਯਾਤਰੀ ਇੱਥੇ ਫਸੇ ਹੋਏ ਹਨ। ਹਵਾਵਾਂ ਦੇ ਦਿਸ਼ਾ ਬਦਲਣ ਕਾਰਨ ਬੁੱਧਵਾਰ ਸ਼ਾਮ ਦੇ ਬਾਅਦ ਹਵਾਬਾਜੀ ਸੇਵਾਵਾਂ ਬਹਾਲ ਹੋ ਗਈਆਂ। ਜੈਟਸਟਾਰ ਅਤੇ ਉਸ ਦੀ ਮਲਕੀਅਤ ਵਾਲੀ ਕੰਪਨੀ ਕੰਤਾਸ ਏਅਰਵੇਜ਼ ਲਿਮੀਟਿਡ ਨੇ ਸ਼ੁੱਕਰਵਾਰ ਨੂੰ 15 ਉਡਾਣਾਂ ਜ਼ਰੀਏ 4300 ਯਾਤਰੀਆਂ ਨੂੰ ਆਸਟ੍ਰੇਲੀਆ ਲਿਆਉਣ ਦੀ ਯੋਜਨਾ ਬਣਾਈ ਸੀ ਪਰ ਸ਼ਾਮ ਦੇ ਮੌਸਮ ਬਾਰੇ ਪਹਿਲਾਂ ਤੋਂ ਲਗਾਏ ਗਏ ਅਨੁਮਾਨ ਵਿਚ ਅਚਾਨਕ ਹੋਏ ਬਦਲਾਅ ਕਾਰਨ ਉਨ੍ਹਾਂ ਵਿਚੋਂ 9 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। 
ਜੈਟਸਟਾਰ ਨੇ ਆਪਣੀ ਵੈਬਸਾਈਟ 'ਤੇ ਦੱਸਿਆ ਕਿ ਮੌਸਮ ਵਿਚ ਹੋਣ ਵਾਲੇ ਬਦਲਾਅ ਦੇ ਮੱਦੇਨਜ਼ਰ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਸਿੰਗਾਪੁਰ ਏਅਰਲਾਈਨਜ਼, ਮਲੇਸ਼ੀਆ ਦੀ ਏਅਰ ਏਸ਼ੀਆ ਅਤੇ ਗਰੂੜ ਏਅਰਲਾਈਨਜ਼ ਸਮੇਤ ਬਾਲੀ ਲਈ ਉਡਾਣਾਂ ਦਾ ਸੰਚਾਲਨ ਕਰਨ ਵਾਲੀਆਂ ਹੋਰ ਕੰਪਨੀਆਂ ਨੇ ਆਪਣੇ ਨਿਰਧਾਰਿਤ ਕਾਰਜਕ੍ਰਮ ਵਿਚ ਹੁਣ ਤੱਕ ਕੋਈ ਤਬਦੀਲੀ ਨਹੀਂ ਕੀਤੀ ਹੈ। ਡਾਰਵਿਨ ਵੋਲਕੈਨਿਕ ਐਸ਼ ਸਲਾਹਕਾਰ ਕੇਂਦਰ ਨੇ ਦੱਸਿਆ ਕਿ ਮਾਊਂਟ ਆਗੁੰਗ ਦੇ ਦੱਖਣ-ਪੂਰਬ ਵਿਚ ਸੁਆਹ ਹੁਣ ਵੀ ਨਜ਼ਰ ਆ ਰਹੀ ਹੈ। ਨਾਲ ਹੀ ਭਾਫ ਨਿਕਲਣ ਦੇ ਸੰਕੇਤ ਮਿਲੇ ਹਨ। ਇਸ ਜਵਾਲਾਮੁਖੀ ਵਿਚ ਇਕ ਹੋਰ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਹੈ।