ਪੱਛਮੀ ਵਰਜੀਨੀਆ ਦੇ ਰਸਾਇਣਕ ਪਲਾਂਟ ''ਚ ਧਮਾਕਾ, 4 ਜ਼ਖ਼ਮੀ

12/09/2020 11:22:54 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਪੱਛਮੀ ਵਰਜੀਨੀਆ ਦੇ ਰਸਾਇਣਕ ਪਲਾਂਟ ਵਿਚ ਮੰਗਲਵਾਰ ਨੂੰ ਹੋਏ ਇਕ ਧਮਾਕੇ ਵਿੱਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਘਟਨਾ ਵਾਪਰੀ ਹੈ।

ਇਹ ਧਮਾਕਾ ਬੇਲੇ ਕਸਬੇ ਦੀ ਕਾਨਵਹਾ ਕਾਉਂਟੀ ਕਮਿਊਨਿਟੀ ਦੇ ਚੈਮਰਸ ਰਸਾਇਣਕ ਪਲਾਂਟ ਵਿਚ ਮੰਗਲਵਾਰ ਰਾਤ 10 ਵਜੇ ਦੇ ਬਾਅਦ ਵਾਪਰਿਆ। ਕਾਉਂਟੀ ਕਮਿਸ਼ਨਰ ਕੈਂਟ ਕਾਰਪੇਰ ਦੇ ਇਕ ਬਿਆਨ ਅਨੁਸਾਰ ਇਸ ਧਮਾਕੇ ਵਿੱਚ ਜ਼ਖਮੀ ਹੋਏ ਲੋਕਾਂ 'ਚ ਦੋ ਕਾਮੇ ਅਤੇ ਮਲਬੇ ਨਾਲ ਪ੍ਰਭਾਵਿਤ ਇੱਕ ਵਿਅਕਤੀ ਸ਼ਾਮਲ ਹੈ ਜਦਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਧਮਾਕੇ ਦੇ ਕਾਰਨ ਵਿਚ ਕਲੋਰੀਨੇਟਡ ਡਰਾਈ ਬਲੀਚ ਅਤੇ ਮਿਥੇਨੌਲ ਸ਼ਾਮਲ ਸ਼ਾਮਲ ਸਨ।

ਅਧਿਕਾਰੀਆਂ ਅਨੁਸਾਰ ਇਸ ਵੱਡੇ ਧਮਾਕੇ ਨਾਲ ਪਲਾਂਟ ਵਿਚ ਕੰਮ ਕਰਨ ਵਾਲੀ ਥਾਂ 'ਤੇ ਅੱਗ ਲੱਗ ਗਈ ਸੀ ਅਤੇ ਇਸ ਖੇਤਰ ਵਿਚ ਰਹਿੰਦੇ ਲੋਕਾਂ ਨੇ ਆਪਣੇ ਮਕਾਨ ਹਿੱਲਣ ਦੀ ਵੀ ਖ਼ਬਰ ਦਿੱਤੀ ਸੀ। ਐਮਰਜੈਂਸੀ ਅਧਿਕਾਰੀਆਂ ਦੁਆਰਾ ਪਲਾਂਟ ਦੇ ਆਲੇ-ਦੁਆਲੇ 2 ਮੀਲ ਤੱਕ ਦੇ ਲੋਕਾਂ ਨੂੰ ਅੱਗ ਬੁਝਾਉਣ ਦੇ ਮੰਤਵ ਨਾਲ ਇਕ ਜਗ੍ਹਾ ਰਹਿਣ ਦਾ ਹੁਕਮ ਦਿੱਤਾ ।ਬੇਲੇ ਦੇ ਮੇਅਰ ਡੇਵਿਡ ਫਲੇਚਰ, ਜੋ ਕਿ ਇਕ ਵਾਲੰਟੀਅਰ ਅਤੇ ਫਾਇਰ ਫਾਈਟਰ ਵੀ ਹਨ, ਨੇ ਜਾਣਕਾਰੀ ਦਿੱਤੀ ਕਿ ਅੱਗ ਨੂੰ ਅੱਧੀ ਰਾਤ ਤੋਂ ਪਹਿਲਾਂ ਬੁਝਾ ਦਿੱਤਾ ਗਿਆ ਸੀ। ਇਹ ਚੈਮਰਸ ਪਲਾਂਟ 2015 ਵਿਚ ਲਗਭਗ 723 ਏਕੜ ਦੀ ਜਗ੍ਹਾ 'ਚ ਕਾਨਵਹਾ ਨਦੀ ਦੇ ਨਾਲ ਚਾਰਲਸਟਨ ਤੋਂ 10 ਮੀਲ ਦੱਖਣ ਪੂਰਬ ਵਿਚ ਬਣਾਇਆ ਗਿਆ ਸੀ ਅਤੇ ਇਸ ਕਸਬੇ ਬੇਲੇ ਵਿਚ ਲਗਭਗ 1,100 ਨਿਵਾਸੀ ਰਹਿੰਦੇ ਹਨ।

Sanjeev

This news is Content Editor Sanjeev