ਵਿਗਿਆਨੀਆਂ ਦਾ ਦਾਅਵਾ, ਹੁਣ ਜਾਨਵਰਾਂ ਦੇ ਸਰੀਰ ''ਚ ਉੱਗਣਗੇ ਮਨੁੱਖੀ ਅੰਗ

02/19/2018 10:55:35 AM

ਵਾਸ਼ਿੰਗਟਨ (ਬਿਊਰੋ)— ਮਨੁੱਖੀ ਕਲਿਆਣ ਲਈ ਵਿਗਿਆਨੀ ਦਿਨ-ਰਾਤ ਨਵੇਂ-ਨਵੇਂ ਪ੍ਰਯੋਗ ਕਰਦੇ ਰਹਿੰਦੇ ਹਨ। ਵਿਗਿਆਨੀਆਂ ਨੇ ਦੁਨੀਆ ਦਾ ਪਹਿਲਾ ਮਨੁੱਖੀ-ਭੇਡ ਹਾਈਬ੍ਰਿਡ ਤਿਆਰ ਕਰ ਲਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਖੋਜ ਨਾਲ ਜਾਨਵਰਾਂ ਦੇ ਸਰੀਰ ਵਿਚ ਇਨਸਾਨੀ ਅੰਗ ਉਗਾ ਕੇ ਉਸ ਦਾ ਮਨੁੱਖੀ ਸਰੀਰ 'ਚ ਟਰਾਂਸਪਲਾਂਟ ਕੀਤਾ ਜਾ ਸਕੇਗਾ। ਇਸ ਖੋਜ ਨਾਲ ਸ਼ੂਗਰ ਟਾਈਪ 1 ਜਿਹੀਆਂ ਗੰਭੀਰ ਬੀਮਾਰੀਆਂ ਦਾ ਇਲਾਜ ਵੀ ਸੰਭਵ ਹੋ ਪਾਏਗਾ ਕਿਉਂਕਿ ਇਸ ਨਾਲ ਨਵਾਂ ਪੈਨਕਿਰਿਆਜ ਬਣਾਇਆ ਜਾ ਸਕੇਗਾ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਲਵੇਗਾ। ਟਰਾਂਸਪਲਾਂਟ ਲਈ ਦਿਲ, ਲੀਵਰ, ਗੁਰਦਾ ਜਿਹੇ ਅੰਗ ਆਸਾਨੀ ਨਾਲ ਉੁਪਲਬਧ ਹੋ ਸਕਣਗੇ। ਵਰਤਮਾਨ ਵਿਚ ਦੁਨੀਆ ਵਿਚ ਹਰ ਸਾਲ ਲੱਖਾਂ ਮਰੀਜ਼ ਟਰਾਂਸਪਲਾਂਟ ਲਈ ਅੰਗ ਨਾ ਮਿਲਣ ਕਾਰਨ ਮਰ ਜਾਂਦੇ ਹਨ।
ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਨੇ ਇਸ ਪ੍ਰਯੋਗ ਲਈ ਭੇਡ ਦੇ ਪੇਟ ਵਿਚ ਇਕ ਭਰੂਣ ਵਿਕਸਿਤ ਕੀਤਾ, ਜਿਸ ਵਿਚ ਮਨੁੱਖ ਅਤੇ ਭੇਡ ਦੋਹਾਂ ਦੇ ਸੈੱਲ ਸਨ। ਹੁਣ ਵਿਗਿਆਨੀਆਂ ਦੀ ਯੋਜਨਾ ਹੈ ਕਿ ਉਹ ਭੇਡ ਵਿਚ ਸਟੈਮ ਸੈੱਲ ਪਾ ਕੇ ਵਿਸ਼ੇਸ਼ ਮਨੁੱਖੀ ਅੰਗ ਵਿਕਸਿਤ ਕਰਨਗੇ। ਵਰਨਣਯੋਗ ਹੈ ਕਿ ਸਟੈਮ ਸੈੱਲ ਉਹ ਸੈੱਲ ਹਨ, ਜਿਨ੍ਹਾਂ ਨੂੰ ਵਿਕਸਿਤ ਕਰ ਕੇ ਅੰਗ ਤਿਆਰ ਕੀਤੇ ਜਾ ਸਕਦੇ ਹਨ। ਸਟੈਨਫੋਰਡ ਦੇ ਸ਼ੋਧ ਕਰਤਾ ਪਹਿਲਾਂ ਵੀ ਚੂਹਿਆਂ ਦੇ ਸਰੀਰ ਵਿਚ ਨਵਾਂ ਪੈਨਕਿਰਿਆਜ ਵਿਕਸਿਤ ਕਰ ਕੇ ਸ਼ੂਗਰ ਟਾਈਪ 1 ਦਾ ਇਲਾਜ ਕਰ ਚੁੱਕੇ ਹਨ। ਹੁਣ ਪਹਿਲੀ ਵਾਰੀ ਭੇਡ ਅਤੇ ਇਨਸਾਨ ਦੇ ਸੈੱਲਾਂ ਨਾਲ ਇਹੀ ਪ੍ਰਯੋਗ ਦੁਹਰਾਇਆ ਜਾ ਰਿਹਾ ਹੈ। 
ਇਸ ਖੋਜ ਦੇ ਮੁਖ ਸ਼ੋਧਕਰਤਾ ਹਿਰੋ ਨਾਕੌਚੀ ਨੇ ਦੱਸਿਆ,''ਅਸੀਂ ਚੂਹਿਆਂ ਦਾ ਨਵਾਂ ਪੈਨਕਿਰਿਆਜ ਬਣਾ ਕੇ ਸ਼ੂਗਰ ਦਾ ਇਲਾਜ ਕਰ ਚੁੱਕੇ ਹਾਂ। ਅਗਲੇ 5 ਤੋਂ 10 ਸਾਲ ਵਿਚ ਇਹ ਪ੍ਰਯੋਗ ਇਨਸਾਨਾਂ 'ਤੇ ਸਫਲ ਹੋ ਜਾਵੇਗਾ। ਇਸ ਤਕਨੀਕ ਨਾਲ ਅੰਗ ਟਰਾਂਸਪਲਾਂਟ ਲਈ ਦੂਜੇ ਅੰਗ ਵੀ ਵਿਕਸਿਤ ਕੀਤੇ ਜਾ ਸਕਣਗੇ।'' ਅਮਰੀਕਾ ਵਿਚ ਹਰ ਸਾਲ 76 ਹਜ਼ਾਰ ਅਤੇ ਬ੍ਰਿਟੇਨ ਵਿਚ 6,500 ਟਰਾਂਸਪਲਾਂਟ ਹੁੰਦੇ ਹਨ। ਉੱਥੇ ਅੰਗ ਦੀ ਕਮੀ ਨਾਲ 32 ਲੋਕ ਰੋਜ਼ਾਨਾ ਮਰ ਜਾਂਦੇ ਹਨ।
ਇੰਝ ਬਣਾਇਆ ਹਾਈਬ੍ਰਿਡ
ਹਾਈਬ੍ਰਿਡ ਬਣਾਉਣ ਲਈ ਪਹਿਲਾਂ ਭੇਡ ਦੇ ਡੀ. ਐੱਨ. ਏ. ਵਿਚ ਸੁਰਾਖ ਕਰਕੇ ਕੁਝ ਜਗ੍ਹਾ ਬਣਾਈ ਗਈ। ਫਿਰ ਭੇਡ ਦਾ ਭਰੂਣ ਤਿਆਰ ਕਰ ਕੇ ਉਸ ਵਿਚ ਮਨੁੱਖੀ ਸਟੈਮ ਸੈੱਲ ਪਾਇਆ ਗਿਆ। ਇਸ ਨਾਲ ਜਿਹੜਾ ਭਰੂਣ ਵਿਕਸਿਤ ਹੋਇਆ, ਉਸ ਵਿਚ ਭੇਡ ਦੇ ਨਾਲ-ਨਾਲ ਇਨਸਾਨੀ ਸੈੱਲ ਸਨ।


Related News