ਹਾਂਗਕਾਂਗ ''ਚ ਇਕ ਸਾਲ ਤੋਂ ਚੱਲ ਰਹੇ ਪ੍ਰਦਰਸ਼ਨਾਂ ਤੋਂ ਸਾਰਿਆਂ ਨੂੰ ਕੁਝ ਸਿੱਖਣਾ ਚਾਹੀਦੈ : ਲਾਮ

06/09/2020 7:18:18 PM

ਹਾਂਗਕਾਂਗ - ਹਾਂਗਕਾਂਗ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ 'ਤੇ ਚੀਨੀ ਸੈਮੀ ਆਟੋਨੋਮਸ ਸਿਟੀ ਦੀ ਨੇਤਾ ਕੈਰੀ ਲਾਮ ਨੇ ਮੰਗਲਵਾਰ ਨੂੰ ਆਖਿਆ ਕਿ ਸਾਰਿਆਂ ਨੂੰ ਬੀਤੇ ਇਕ ਸਾਲ ਵਿਚ ਸਾਹਮਣੇ ਆਈਆਂ ਮੁਸ਼ਕਿਲਾਂ ਅਤੇ ਚੁਣੌਤੀਪੂਰਣ ਸਮੇਂ ਤੋਂ ਕੁਝ ਸਿੱਖਣਾ ਚਾਹੀਦਾ ਹੈ। ਸਲਾਹਕਾਰਾਂ ਦੇ ਨਾਲ ਹਫਤਾਵਰੀ ਬੈਠਕ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਲਾਮ ਨੇ ਆਖਿਆ ਕਿ ਹਾਂਗਕਾਂਗ ਸਰਕਾਰ ਸਮੇਤ ਸਾਰਿਆਂ ਨੂੰ ਸਬਕ ਸਿੱਖਣ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਕਿ ਹਾਂਗਕਾਂਗ ਇਸ ਤਰ੍ਹਾਂ ਹਫੜਾ-ਦਫੜੀ ਨੂੰ ਸਹਿਣ ਨਹੀਂ ਕਰਦਾ ਅਤੇ ਹਾਂਗਕਾਂਗ ਦੇ ਲੋਕਾਂ ਨੂੰ ਇਥੇ ਖੁਸ਼ੀ ਨਾਲ ਰਹਿਣ ਅਤੇ ਕੰਮ ਕਰਨ ਲਈ ਸਥਿਰ ਅਤੇ ਸ਼ਾਂਤੀਪੂਰਣ ਮਾਹੌਲ ਚਾਹੀਦਾ ਹੈ।

ਹਾਲਾਂਕਿ, ਲਾਮ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਤਰ੍ਹਾਂ ਦਾ ਸਬਕ ਲੋਕਾਂ ਨੂੰ ਸਿੱਖਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 9 ਜੂਨ ਨੂੰ ਹੀ ਮੱਧ ਹਾਂਗਕਾਂਗ ਵਿਚ ਵਿਸ਼ਾਲ ਮਾਰਚ ਕੱਢਿਆ ਗਿਆ ਸੀ, ਜੋ ਬਾਅਦ ਵਿਚ ਲੋਕਤੰਤਰ ਸਮਰਥਕ ਅੰਦੋਲਨ ਵਿਚ ਤਬਦੀਲ ਹੋ ਗਿਆ। ਇਸ ਅੰਦੋਲਨ ਵਿਚ ਹਰੇਕ ਹਫਤੇ ਪ੍ਰਦਰਸ਼ਕਾਰੀ ਪ੍ਰਦਰਸ਼ਨ ਕਰਦੇ ਹਨ। ਇਸ ਦੌਰਾਨ ਹਿੰਸਕ ਘਟਨਾਵਾਂ ਵੀ ਹੋਈਆਂ। ਇਸ ਮੌਕੇ 'ਤੇ ਪ੍ਰੋਗਰਾਮ ਆਯੋਜਨ ਕਰਨ ਵਾਲੇ ਸੰਗਠਨ ਸਿਵਲ ਹਿਊਮਨ ਰਾਈਟਸ ਫਰੰਟ ਨੇ ਫੇਸਬੁੱਕ 'ਤੇ ਲਿੱਖਿਆ ਕਿ ਪਿਛਲੇ ਸਾਲ 9 ਜੂਨ ਨੂੰ ਵੱਡੇ ਪੈਮਾਨੇ 'ਤੇ ਹੋਇਆ ਵਿਰੋਧ ਪ੍ਰਦਰਸ਼ਨ ਹਾਂਗਕਾਂਗ ਦੀ ਸਮੂਹਿਕ ਯਾਦ ਬਣ ਗਿਆ ਹੈ। ਸੰਗਠਨ ਨੇ ਮੰਗਲਵਾਰ ਨੂੰ ਫੇਸਬੁੱਕ ਪੋਸਟ 'ਤੇ ਲਿੱਖਿਆ ਕਿ ਇਹ ਸਾਡੇ ਪਿਆਰੇ ਸ਼ਹਿਰ ਦੀ ਰੱਖਿਆ ਲਈ ਇਕਜੁੱਟਤਾ ਦੀ ਸ਼ੁਰੂਆਤ ਦਾ ਵੀ ਦਿਨ ਹੈ। ਅੰਦੋਲਨ ਦੇ ਇਕ ਸਾਲ ਪੂਰੇ ਹੋਣ ਦੇ ਮੌਕੇ ਪ੍ਰਦਰਸ਼ਨਕਾਰੀ ਲੰਚ (ਦੁਪਹਿਰ ਦੇ ਖਾਣਾ) ਵੇਲੇ ਸ਼ਾਪਿੰਗ ਮਾਲ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਦੇ ਹੱਥਾਂ ਵਿਚ ਤਖਤੀਆਂ ਸਨ ਜਿਸ 'ਤੇ ਲਿੱਖਿਆ ਹੋਇਆ ਸੀ ਹਾਂਗਕਾਂਗ ਨੂੰ ਆਜ਼ਾਦ ਕਰੋ। ਹਾਂਗਕਾਂਗ ਵਿਚ ਸ਼ਾਮ ਨੂੰ ਵੱਡੇ ਪੈਮਾਨੇ 'ਤੇ ਵੀ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ। ਇਸ ਦੇ ਮੱਦੇਨਜ਼ਰ ਪੁਲਸ ਨੇ ਕਈ ਰਸਤਿਆਂ ਨੂੰ ਸਾਵਧਾਨੀ ਨਾਲ ਬੰਦ ਕਰ ਦਿੱਤਾ ਹੈ ਅਤੇ ਬਿਨਾਂ ਇਜਾਜ਼ਤ ਲੋਕਾਂ ਦੇ ਇਕੱਠੇ ਹੋਣ 'ਤੇ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।

Khushdeep Jassi

This news is Content Editor Khushdeep Jassi