ਹਰ ਸਾਲ ਝੋਲੀ ਭਰਦਾ ਰਿਹਾ ਰੱਬ ਪਰ ਇਕ ਵਾਰ ਵੀ ਨਾ ਬਣ ਸਕੀ ''ਮਾਂ''

06/27/2017 12:51:37 PM

ਲੰਡਨ— ਜੇਨ ਬਿਕਲ ਅਤੇ ਉਨ੍ਹਾਂ ਦੇ ਪਤੀ ਐਂਡਰੀਊ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਹੈ। ਇਸ ਜੋੜੇ ਨੇ ਦੱਸਿਆ ਕਿ ਉਹ ਬੀਤੇ 10 ਸਾਲਾਂ 'ਚ 10 ਵਾਰ ਗਰਭਪਾਤ ਕਰਵਾ ਚੁੱਕੇ ਹਨ। ਕਰਡਿਫ ਦੀ ਰਹਿਣ ਵਾਲੀ 39 ਸਾਲਾ ਜੇਨ ਬਿਕਲ ਨੂੰ ਕਈ ਵਾਰ ਆਈ.ਵੀ.ਐੱਫ (ਭਰੂਣ ਵਾਲੀ ਤਕਨੀਕ) ਅਤੇ ਸਰਜਰੀ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਵੀ ਉਸ ਨੂੰ ਇਸ ਦਾ ਕਾਰਣ ਪਤਾ ਨਹੀਂ ਲੱਗ ਸਕਿਆ ਕਿ ਉਸ ਨਾਲ ਅਜਿਹਾ ਹਰ ਵਾਰ ਕਿਉਂ ਹੋ ਰਿਹਾ ਹੈ। ਉਸ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ। ਵਿਆਹ ਦੇ ਕੁੱਝ ਮਹੀਨੇ ਮਗਰੋਂ ਉਹ ਗਰਭਵਤੀ ਹੋਈ। ਪਰਿਵਾਰ ਨੇ ਸੋਚਿਆ ਰੱਬ ਨੇ ਝੋਲੀ ਭਰ ਦਿੱਤੀ ਹੈ ਪਰ ਇਹ ਸੱਚ ਨਾ ਹੋ ਸਕਿਆ। ਵਿਆਹ ਦੇ ਪੂਰੇ 6 ਮਹੀਨੇ ਬਾਅਦ ਉਸ ਦਾ ਪਹਿਲਾ ਗਰਭਪਾਤ ਹੋਇਆ। ਇਸ ਜੋੜੇ ਨੂੰ ਦੁੱਖ ਤਾਂ ਲੱਗਾ ਪਰ ਰੱਬ ਦਾ ਭਾਣਾ ਸਮਝ ਕੇ ਉਹ ਇਸ਼ ਨੂੰ ਝੱਲ ਗਏ।


ਵਿਆਹ ਦੇ 18 ਮਹੀਨੇ ਬਾਅਦ ਉਨ੍ਹਾਂ ਨੂੰ ਫਿਰ ਖੁਸ਼ਖਬਰੀ ਮਿਲੀ ਪਰ ਇਹ ਵੀ ਕੇਸ ਖਰਾਬ ਹੋ ਗਿਆ। ਇਕ ਵਾਰ ਫਿਰ ਇਹ ਜੋੜਾ ਬਹੁਤ ਨਿਰਾਸ਼ ਹੋਇਆ। ਤਕਨੀਕਾਂ ਤੇ ਦਵਾਈਆਂ ਮਹਿੰਗੀਆਂ ਹੋਣ ਕਾਰਨ ਇਸ ਜੋੜੇ ਨੇ ਬਹੁਤ ਖਰਚਾ ਕੀਤਾ। ਵਾਰ-ਵਾਰ ਟੈੱਸਟ ਹੁੰਦੇ ਤੇ ਪੈਸੇ ਖਰਚ ਹੁੰਦੇ। ਜੇਨੀ ਨੇ ਦੱਸਿਆ ਕਿ ਦੋ ਹਫਤਿਆਂ ਤਕ ਡਾਕਟਰ ਵੀ ਨਿਸ਼ਚਿਤ ਨਹੀਂ ਕਰ ਸਕਦੇ ਸਨ ਕਿ ਉਹ ਗਰਭਵਤੀ ਹੈ ਜਾਂ ਨਹੀਂ ਤੇ ਬੱਚਾ ਬਚੇਗਾ ਜਾਂ ਨਹੀਂ। ਉਸ ਨੇ ਦੱਸਿਆ ਕਿ ਇਹ ਦੋ ਹਫਤੇ ਉਸ ਲਈ ਬਹੁਤ ਤਕਲੀਫ ਵਾਲੇ ਹੁੰਦੇ ਸਨ। ਇਲਾਜ ਲਈ ਉਹ ਆਪਣੇ ਬਹਤ ਸਾਰੇ ਪੈਸੇ ਖਰਚ ਕਰਦੇ ਸਨ ਤੇ ਕਈ ਵਾਰ ਉਨ੍ਹਾਂ ਨੂੰ ਉਧਾਰ ਵੀ ਚੁੱਕਣਾ ਪੈਂਦਾ ਸੀ।

ਇਕ ਵਾਰ ਇਲਾਜ ਲਈ ਉਹ ਲਗਭਗ 4 ਤੋਂ 5 ਲੱਖ ਖਰਚ ਕਰਨਾ ਪੈਂਦਾ ਸੀ। ਉਸ ਨੇ ਦੱਸਿਆ ਕਿ ਵਿਆਹ ਦੇ 10 ਸਾਲਾਂ ਤੋਂ ਬਾਅਦ ਹੁਣ ਤਕ ਉਸਦੇ 10 ਗਰਭਪਾਤ ਹੋ ਚੁੱਕੇ ਹਨ ਪਰ ਉਸ ਨੂੰ ਉਮੀਦ ਹੈ ਕਿ ਇਕ ਨਾ ਇਕ ਦਿਨ ਉਹ ਮਾਂ ਜ਼ਰੂਰ ਬਣੇਗੀ। ਜੇਨੀ ਨੇ ਦੱਸਿਆ ਕਿ ਉਹ ਇੰਨੀ ਤਕਲੀਫ ਤੇ ਪ੍ਰੇਸ਼ਾਨੀ 'ਚ ਹੁੰਦੀ ਸੀ ਕਿ ਇਕ ਵਾਰ ਤਾਂ ਉਹ ਭਰੂਣ ਦੇ ਅੰਤਿਮ ਸੰਸਕਾਰ ਦਾ ਕਾਲਮ ਹੀ ਭਰ ਕੇ ਆ ਗਈ ਸੀ। ਉਸ ਨੇ ਕਿਹਾ ਕਿ ਉਸ ਨੂੰ ਅਜੇ ਵੀ ਉਮੀਦ ਹੈ ਕਿ ਉਹ ਇਕ ਨਾ ਇਕ ਦਿਨ ਸਫਲ ਜ਼ਰੂਰ ਹੋਵੇਗੀ। ਉਸ ਨੇ ਕਿਹਾ ਕਿ ਜੇਕਰ ਫਿਰ ਵੀ ਉਹ ਮਾਂ ਨਾ ਬਣ ਸਕੀ ਤਾਂ ਬੱਚਾ ਗੋਦ ਲੈਣ ਬਾਰੇ ਵਿਚਾਰ ਕਰੇਗੀ।