ਗੁਰਦੁਆਰਾ ਸਿੰਘ ਸਭਾ ਵਿਖੇ ਦੂਜੇ ਅੰਮ੍ਰਿਤ ਸੰਚਾਰ ਮੌਕੇ 43 ਪ੍ਰਾਣੀਆਂ ਨੇ ਛੱਕਿਆ ਅੰਮ੍ਰਿਤ

04/22/2018 4:14:04 PM

ਰੋਮ/ਇਟਲੀ (ਕੈਂਥ)— ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੂਸਰਾ 'ਅੰਮ੍ਰਿਤ ਸੰਚਾਰ' ਸਮਾਗਮ ਇਟਲੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ, ਤੇਰਾਚੀਨਾ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਇਟਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ  ਵਿਚ 43 ਪ੍ਰਾਣੀ ਦਸ਼ਮੇਸ਼ ਪਿਤਾ ਦੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸਜੇ।ਇਹਨਾਂ 43 ਪ੍ਰਾਣੀਆਂ ਵਿਚ 15 ਬੀਬੀਆਂ ਵੀ ਸ਼ਾਮਲ ਸਨ। ਇਸ ਦੂਸਰੇ ਅੰਮ੍ਰਿਤ ਸੰਚਾਰ ਸਮਾਗਮ ਮੌਕੇ ਸੰਗਤ ਨੂੰ ਅੰਮ੍ਰਿਤ ਦੀ ਦਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਇਟਲੀ ਦੇ 5 ਪਿਆਰਿਆਂ ਵੱਲੋਂ ਬਖ਼ਸੀ ਗਈ ਤੇ ਕਮੇਟੀ ਵੱਲੋਂ ਹੀ 5 ਕਕਾਰਾਂ ਦੀ ਸੇਵਾ ਕੀਤੀ ਗਈ।ਇਸ ਦੂਸਰੇ ਅੰਮ੍ਰਿਤ ਸੰਚਾਰ ਸਮਾਗਮ ਮੌਕੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਇਟਲੀ ਦੇ ਸਿੰਘਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਕ੍ਰਿਪਾ ਕਰਨ ਕਿ ਜਿਨ੍ਹਾਂ ਪ੍ਰਾਣੀਆਂ ਨੇ ਅੱਜ ਖੰਡੇ ਬਾਟੇ ਦੀ ਪਾਹੁਲ ਛੱਕੀ ਹੈ, ਉਹ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਅਤੇ ਮਹਾਨ ਸਿੱਖ ਧਰਮ ਦੀ ਚੜ੍ਹਦੀ ਕਲਾ ਅਤੇ ਮਨੁੱਖਤਾ ਦੇ ਭਲੇ ਹਿੱਤ ਸਦਾ ਕਾਰਜ ਕਰਨ।ਸਿੱਖ ਲਈ ਸਦਾ ਗੁਰੂ ਸਾਹਿਬ ਵੱਲੋਂ ਬਖ਼ਸੀ ਰਹਿਤ ਮਰਿਆਦਾ ਬਹੁਤ ਜ਼ਰੂਰੀ ਹੈ।ਸਿੱਖੀ ਅੰਦਰ ਕੇਸਾਂ ਦੀ ਬਹੁਤ ਮਹੱਤਤਾ ਹੈ ਇਸ ਲਈ ਸਿੱਖ ਨੇ ਕਦੀ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨੀ।ਦੇਰ ਰਾਤ ਤੱਕ ਚੱਲੇ ਇਸ ਅੰਮ੍ਰਿਤ ਸੰਚਾਰ ਸਮਾਗਮ ਮੌਕੇ ਅੰਮ੍ਰਿਤ ਛੱਕ ਗੁਰੂ ਨਾਨਕ ਦੇਵ ਜੀ ਦੇ ਜਹਾਜ਼ ਵਿਚ ਸਵਾਰ ਹੋਣ ਵਾਲੇ ਸਿੰਘਾਂ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਜੈਕਾਰੇ ਵੀ ਬੁਲਾਏ।