ਯੂਰੋਪੀ ਸੰਘ ਨੇ ਸੀਰੀਆਈ ਵਿਗਿਆਨਕਾਂ ਅਤੇ ਅਧਿਕਾਰੀਆਂ ''ਤੇ ਲਗਾਈ ਪਾਬੰਦੀ

07/18/2017 6:42:07 AM

ਬ੍ਰਸੇਲਸ— ਯੂਰੋਪੀ ਸੰਘ ਨੇ ਸੀਰੀਆ ਦੇ 16 ਵਿਗਿਆਨਕਾਂ ਅਤੇ ਫੌਜ ਅਧਿਕਾਰੀਆਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਗਿਆਨੀਆਂ ਅਤੇ ਫੌਜ ਅਧਿਕਾਰੀਆਂ 'ਤੇ ਅਪ੍ਰੈਲ ਮਹੀਨੇ 'ਚ ਸੀਰੀਆ ਦੇ ਕੁਝ ਇਲਾਕਿਆਂ 'ਚ ਹੋਏ ਰਸਾਇਣਿਕ ਹਮਲੇ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਜਿਸ 'ਚ ਵੱਡੀ ਗਿਣਤੀ 'ਚ ਸੀਰੀਆਈ ਨਾਗਰਿਕ ਮਾਰੇ ਗਏ ਸੀ।
ਪੱਛਮੀ ਦੇਸ਼ਾਂ ਦੀ ਖੁਫੀਆ ਏਜੰਸੀਆਂ ਨੇ ਵੀ ਇਸ ਹਮਲੇ ਲਈ ਸੀਰੀਆ ਦੀ ਬਸ਼ਰ-ਅਲ-ਅਸਦ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਦਾ ਤਰਕ ਸੀ ਕਿ ਸੀਰੀਆ ਦੇ ਬਾਗੀਆਂ 'ਚ ਇੰਨੀ ਕਾਬਲੀਅਤ ਨਹੀਂ ਹੈ ਕਿ ਉਹ ਅਜਿਹੇ ਹਮਲੇ ਕਰ ਸਕਣ। 'ਦਿ ਇੰਟਰਨੈਸ਼ਨਲ ਕੈਮਿਕਲ ਵੇਪਨ ਵਾਚਡਾਗ' ਮੁਤਾਬਕ ਇਸ ਹਮਲੇ 'ਚ ਸਰੀਨ ਨਾਂ ਦੇ ਟਾਕਸਿਨ ਦੀ ਵਰਤੋਂ ਹੋਈ ਸੀ। ਹਾਲਾਂਕਿ ਸੀਰੀਆਈ ਅਧਿਕਾਰੀ ਲਗਾਤਾਰ ਇਸ ਗੱਲ ਨੂੰ ਖਾਰਿਜ ਕਰਦੇ ਰਹੇ ਹਨ। ਇਸ ਮਾਮਲੇ 'ਚ ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਦਾ ਕਹਿਣਾ ਹੈ ਕਿ ਯੁਰੋਪੀ ਸੰਘ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਕੋਈ ਵੀ ਦੇਸ਼ ਜੇਕਰ ਰਾਸਾਇਣਿਕ ਹਮਲਾ ਕਰੇਗਾ ਤਾਂ ਉਸ 'ਤੇ ਵੀ ਸਖਤ ਕਾਰਵਾਈ ਹੋਵੇਗੀ।