ਯੂਰਪ 'ਚ ਪ੍ਰਭੂ ਯਿਸ਼ੂ ਦੀਆਂ ਤਸਵੀਰਾਂ ਨੂੰ ਇਸ਼ਤਿਹਾਰ ਵਜੋਂ ਵਰਤਣ ਲਈ ਮਿਲੀ ਹਰੀ ਝੰਡੀ

02/17/2018 5:00:02 PM

ਰੋਮ(ਕੈਂਥ)— ਭਾਰਤ ਵਿਚ ਜਿੱਥੇ ਗੁਰੂਆਂ, ਪੀਰਾਂ, ਦੇਵੀ ਦੇਵਤਿਆਂ ਜਾਂ ਹੋਰ ਧਾਰਮਿਕ ਹਸਤੀਆਂ ਦੀਆਂ ਤਸਵੀਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਇਸ਼ਤਿਹਾਰ ਵਜੋਂ ਵਰਤਣ ਕਾਰਨ ਵੱਡੇ-ਵੱਡੇ ਦੰਗੇ ਜਾਂ ਅੰਦੋਲਨ ਛਿੜ ਜਾਂਦੇ ਹਨ, ਉੱਥੇ ਹੀ ਯੂਰਪ ਵਿਚ ਵੀ ਪ੍ਰਭੂ ਯਿਸ਼ੂ ਅਤੇ ਮਦਰ ਮੈਰੀ ਦੀਆਂ ਤਸਵੀਰਾਂ ਨੂੰ ਕਿਸੇ ਉਤਪਾਦਨ ਦੇ ਇਸ਼ਤਿਹਾਰ ਵਜੋਂ ਵਰਤਣਾ ਵੀ ਕੁਝ ਧਾਰਮਿਕ ਆਗੂਆਂ ਵੱਲੋਂ ਗੁਨਾਹ ਮੰਨਿਆ ਗਿਆ ਹੈ ਪਰ ਇਸ ਮਸਲੇ ਉਪਰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਯੂਰਪ ਦੀ ਹਿਊਮਨ ਰਾਈਟਸ (ਮਨੁੱਖੀ ਅਧਿਕਾਰ) ਕੋਰਟ ਨੇ ਇਕ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ, ਯੀਸ਼ੂ ਅਤੇ ਮਦਰ ਮੈਰੀ ਦੀਆਂ ਤਸਵੀਰਾਂ ਇਸ਼ਤਿਹਾਰ ਲਈ ਵਰਤੀਆਂ ਜਾ ਸਕਦੀਆਂ ਹਨ। ਲਿਥੂਨੀਆ ਵਿਚ ਰੈਡੀਮੇਡ ਕੱਪੜਿਆਂ ਦੇ ਇਕ ਬਰਾਂਡ ਉੱਤੇ ਮਸ਼ਹੂਰੀ ਲਈ ਪੋਸਟਰ ਅਤੇ ਕੱਪੜਿਆਂ ਦੀ ਆਨਲਾਈਨ ਵਿਕਰੀ ਲਈ ਇੰਟਰਨੈੱਟ ਉੱਤੇ ਯੀਸ਼ੂ ਅਤੇ ਮਦਰ ਮੈਰੀ ਨੂੰ ਦਿਖਾਇਆ ਗਿਆ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਤਰਾਨੇਰੀ ਇਨ ਇਟਲੀ ਦੀ ਨੁਮਾਇੰਦੀ ਮੈਡਮ ਵਰਿੰਦਰਪਾਲ ਕੌਰ ਧਾਲੀਵਾਲ ਨੇ ਕਿਹਾ ਕਿ ਫੈਸਲਾ ਦੇਣ ਵਾਲੇ ਅਦਾਲਤ ਦੇ ਜੱਜਾਂ ਅਨੁਸਾਰ, 'ਜਨਤਕ ਨੈਤਿਕਤਾ ਨਾਲ ਦੁਰਵਿਹਾਰ' ਦਰਸਾਉਣ ਲਈ ਲਾਏ ਗਏ ਦੋਸ਼ਾਂ ਨੇ ਕੰਪਨੀ ਦੇ ਨਿੱਜੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।
ਜ਼ਿਕਰਯੋਗ ਹੈ ਕਿ, ਉਪਰੋਕਤ ਕੰਪਨੀ ਨੇ ਸਰੀਰ ਉੱਤੇ ਬਣੇ ਹੋਏ ਟੈਟੂ ਵਾਲੇ ਇਕ ਜੀਨ ਪਹਿਨੇ ਹੋਏ ਪੁਰਸ਼ ਅਤੇ ਚਿੱਟੇ ਲਿਬਾਸ ਵਿਚ, ਚਮਕਦਾਰ ਮੋਤੀਆਂ ਦੀ ਮਾਲਾ ਪਹਿਨੇ ਇਕ ਮਹਿਲਾ ਨੂੰ ਦਿਖਾਇਆ ਗਿਆ ਹੈ। ਜਿਸ ਵਿਚ, 'ਪਿਆਰੀ ਮੈਰੀ, ਵਾਹ, ਕਿੰਨਾ ਖੂਬਸੂਰਤ ਲਿਬਾਸ!', 'ਯੀਸ਼ੂ ਅਤੇ ਮੈਰੀ, ਵਾਹ ਤੁਸੀਂ ਕੀ ਪਹਿਨਿਆ ਹੋਇਆ ਹੈ!' ਸ਼ਬਦ ਲਿਖੇ ਹੋਏ ਹਨ। ਕੰਪਨੀ ਖਿਲਾਫ ਲਗਾਏ ਗਏ ਦੋਸ਼ਾਂ ਵਿਚ ਧਰਮ ਦਾ ਸਤਿਕਾਰ ਨਾ ਕੀਤੇ ਜਾਣ ਦੀ ਦੁਹਾਈ ਦਿੰਦਿਆਂ ਭਾਰੀ ਜੁਰਮਾਨਾ ਲਗਾਉਣ ਦੀ ਗੱਲ ਕੀਤੀ ਗਈ ਸੀ। ਦੋਸ਼ਾਂ ਵਿਚ ਕਿਹਾ ਗਿਆ ਹੈ ਕਿ, ਸਮਾਜਿਕ ਅਜਾਦੀ ਦੇ ਨਾਮ 'ਤੇ ਸਮਾਜ ਦੇ ਧਾਰਮਿਕ ਜਜਬਿਆਂ ਨਾਲ ਖਿਲਵਾੜ ਕਰ ਕੇ ਧੋਖਾ ਦਿੱਤਾ ਜਾ ਰਿਹਾ ਹੈ। ਇਸ ਪ੍ਰਤੀ ਨਾਰਾਜ਼ਗੀ ਜਤਾਉਣ ਵਾਲੇ ਧਾਰਮਿਕ ਗੁਰੂਆਂ ਦਾ ਕਹਿਣਾ ਹੈ ਕਿ, ਜੇਕਰ ਤੁਸੀਂ ਪ੍ਰਗਟਾਵੇ ਦੀ ਅਜਾਦੀ ਰੱਖਦੇ ਹੋ, ਤਾਂ ਤੁਹਾਨੂੰ ਧਾਰਮਿਕ ਭਾਵਨਾਵਾਂ ਨੂੰ ਅਪਮਾਨਿਤ ਨਾ ਕਰਨ ਦੇ ਹੱਕਾਂ ਦੀ ਵੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਅਤੇ ਸੰਤੁਲਨ ਹੋਣਾ ਚਾਹੀਦਾ ਹੈ। ਕਿਸੇ ਇਕ ਨੂੰ ਵਧ ਦਰਸਾਉਣ ਲਈ ਦੂਜੇ ਨੂੰ ਖਤਮ ਨਹੀਂ ਕੀਤਾ ਜਾ ਸਕਦਾ।