ਈ.ਯੂ. ਤੋਂ ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਵਿਦਾਈ

01/30/2020 1:08:25 AM

ਬ੍ਰਸੇਲਸ (ਏ.ਪੀ.)-ਯੂਰਪੀ ਸੰਘ (ਈ.ਯੂ.) ਤੋਂ ਬ੍ਰਿਟੇਨ ਦੀ ਵਿਦਾਈ ਨੂੰ ਬੁੱਧਵਾਰ ਨੂੰ ਯੂਰਪੀ ਸੰਸਦ ਮੈਂਬਰਾਂ ਨੇ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ ਹੋਈ ਬਹਿਸ ਵਿਚ ਬ੍ਰਿਟੇਨ ਲਈ ਮਿਲੀਆਂ-ਜੁਲੀਆਂ ਟਿੱਪਣੀਆਂ ਕੀਤੀਆਂ ਗਈਆਂ, ਜਿਸ ਵਿਚ ਕੁਝ ਨੇ ਦੇਸ਼ ਨੂੰ ਆਗਾਮੀ ਵਪਾਰ ਵਾਰਤਾ ਦੌਰਾਨ ਬਹੁਤ ਜ਼ਿਆਦਾ ਰਿਆਇਤਾਂ ਨਾ ਮੰਗਣ ਦੀ ਚਿਤਾਵਨੀ ਦਿੱਤੀ। ਯੂਰਪੀ ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ ਦੇ ਪੱਖ ਵਿਚ 621 ਵੋਟਾਂ ਪਈਆਂ ਜਦੋਂ ਕਿ ਖਿਲਾਫ 49 ਵੋਟਾਂ। ਇਸ ਦੇ ਨਾਲ ਹੀ ਈ.ਯੂ. ਤੋਂ ਬ੍ਰਿਟੇਨ ਦੀ ਵਿਦਾਈ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਬ੍ਰੈਗਜ਼ਿਟ ਸਮਝੌਤਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਿਛਲ਼ੇ ਸਾਲ ਯੂਰਪੀ ਸੰਘ ਦੇ ਹੋਰ 27 ਨੇਤਾਵਾਂ ਨਾਲ ਗੱਲਬਾਤ ਕਰਦਿਆਂ ਕੀਤਾ ਸੀ। ਬ੍ਰਿਟੇਨ ਵਿਚ ਜੂਨ 2016 ਵਿਚ ਈ.ਯੂ. ਤੋਂ ਨਿਕਲਣ 'ਤੇ ਫੈਸਲੇ ਲਈ ਰੈਫਰੈਂਡਮ ਹੋਇਆ ਸੀ। ਈ.ਯੂ. ਦੇ ਦੇਸ਼ ਪਹਿਲਾਂ ਤੋਂ ਹੀ ਬ੍ਰਿਟੇਨ ਦੇ ਨਾਲ ਨਵੇਂ ਵਪਾਰ ਸਮਝੌਤੇ 'ਤੇ ਗੱਲਬਾਤ ਦੀ ਸੰਭਾਵਨਾ ਦੀ ਤਿਆਰੀ ਕਰ ਰਹੇ ਸਨ। ਸ਼ੁੱਕਰਵਾਰ ਨੂੰ ਈ.ਯੂ. ਤੋਂ ਵੱਖ ਹੋਣ ਤੋਂ ਬਾਅਦ, ਬ੍ਰਿਟੇਨ ਇਸ ਸਾਲ ਦੇ ਆਖਿਰ ਤੱਕ ਈ.ਯੂ. ਦੀ ਆਰਥਿਕ ਵਿਵਸਥਾ ਵਿਚ ਰਹੇਗਾ, ਪਰ ਕਿਸੇ ਨੀਤੀ ਨੂੰ ਲੈ ਕੇ ਉਹ ਕੋਈ ਰਾਏ ਨਹੀਂ ਦੇ ਸਕੇਗਾ। ਬ੍ਰਿਟੇਨ ਈ.ਯੂ. ਛੱਡਣ ਵਾਲਾ ਪਹਿਲਾ ਮੁਲਕ ਹੈ। 


Sunny Mehra

Content Editor

Related News