ਨੀਲ ਨਦੀ ਦੇ ਪਾਣੀ ਦੇ ਮਸਲੇ ਨੂੰ ਦੂਰ ਕਰਨਗੇ ਇਥੋਪੀਆ ਅਤੇ ਮਿਸਰ

06/11/2018 3:41:33 PM

ਕਾਹਿਰਾ— ਇਥੋਪੀਆ ਅਤੇ ਮਿਸਰ ਦੇ ਨੇਤਾਵਾਂ ਨੇ ਨੀਲ ਨਦੀ 'ਤੇ ਡੈਮ ਦੇ ਨਿਰਮਾਣ ਨੂੰ ਲੈ ਕੇ ਆਪਣੇ ਵੱਖਰੇ ਵਿਚਾਰਾਂ ਨੂੰ ਦੂਰ ਕਰਨ ਦੀ ਗੱਲ ਆਖੀ ਹੈ। ਇਥੋਪੀਆ ਦੀ ਚਾਰ ਅਰਬ ਡਾਲਰ ਦੀ ਲਾਗਤ ਵਾਲੀ 'ਗ੍ਰੈਂਡ ਇਥੋਪੀਅਨ ਰੇਨੇਸੰਸ ਡੈਮ' (Grand Ethiopian Renaissance Dam) ਨਾਮਕ ਜਲ ਯੋਜਨਾ ਕਈ ਮਹੀਨਿਆਂ ਤਕ ਠੰਡੇ ਬਸਤੇ 'ਚ ਪਈ ਰਹੀ । ਕਾਹਿਰਾ 'ਚ ਐਤਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤੇਹ ਅਲ ਸੀਸੀ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਜੁੜੇ ਵੱਖਵਾਦੀ ਵਿਚਾਰਾਂ ਦਾ ਹੱਲ ਕੱਢ ਲਿਆ ਹੈ। ਮਿਸਰ ਦਾ ਕਹਿਣਾ ਹੈ ਕਿ ਇਹ ਡੈਮ ਉਸ ਦੀ ਪਾਣੀ ਸਪਲਾਈ ਲਈ ਖਤਰਾ ਪੈਦਾ ਕਰ ਸਕਦਾ ਹੈ। ਹਾਲਾਂਕਿ ਇਥੋਪੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅੱਲਾ ਦੀ ਸਹੁੰ ਖਾ ਕੇ ਕਹਿੰਦੇ ਹਨ ਕਿ ਇਥੋਪੀਆ ਮਿਸਰ ਦੇ ਪਾਣੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ।
ਅਲ ਸੀਸੀ ਨੇ ਕਿਹਾ ਕਿ ਅਸੀਂ ਆਪਣੇ ਵਿਸ਼ਵਾਸ ਅਤੇ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਇਕ ਲੰਬਾ ਸਫਰ ਤੈਅ ਕਰ ਚੁੱਕੇ ਹਾਂ। ਅਹਿਮਦ ਨੇ ਕਿਹਾ ਕਿ ਇਥੋਪੀਆ ਮਿਸਰ ਨਾਲ ਨੀਲ ਨਦੀ ਦੇ ਪਾਣੀ ਨੂੰ ਸਾਂਝਾ ਕਰਨ ਲਈ ਵਚਨਬੱਧ ਹੈ। ਜ਼ਿਕਰਯੋਗ  ਹੈ ਕਿ ਇਥੋਪੀਆ ਨੀਲ ਨਦੀ 'ਤੇ ਇਕ ਡੈਮ ਦਾ ਨਿਰਮਾਣ ਕਰ ਰਿਹਾ ਹੈ, ਜਿਸ ਨੂੰ ਲੈ ਕੇ ਮਿਸਰ ਨੇ ਚਿੰਤਾ ਪ੍ਰਗਟ ਕੀਤੀ ਹੈ।