ਮਹਿਲਾ ਨੇ ਡਿਲੀਵਰੀ ਦੇ 30 ਮਿੰਟ ਬਾਅਦ ਦਿੱਤੀ ਪ੍ਰੀਖਿਆ , ਤਸਵੀਰ ਵਾਇਰਲ

06/12/2019 5:20:16 PM

ਅਦੀਸ ਅਬਾਬਾ (ਬਿਊਰੋ)— ਇਥੋਪੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਬੱਚੇ ਨੂੰ ਜਨਮ ਦੇਣ ਦੇ ਸਿਰਫ ਅੱਧੇ ਘੰਟੇ ਬਾਅਦ ਸੈਕੰਡਰੀ ਸਕੂਲ ਦੀ ਪ੍ਰੀਖਿਆ ਦਿੱਤੀ। ਮਾਮਲਾ ਪੱਛਮੀ ਇਥੋਪੀਆ ਦੇ ਮੇਟੂ ਸ਼ਹਿਰ ਦਾ ਹੈ। ਅਲਮਜ਼ ਡੇਰਸੇ (21) ਨਾਮ ਦੀ ਮਹਿਲਾ ਨੂੰ ਆਸ ਸੀ ਕਿ ਡਿਲੀਵਰੀ ਤਰੀਕ ਤੋਂ ਪਹਿਲਾਂ ਉਸ ਦੀ ਪ੍ਰੀਖਿਆ ਹੋ ਜਾਵੇਗੀ। ਇਹ ਪ੍ਰੀਖਿਆ ਡਿਲੀਵਰੀ ਤਰੀਕ ਤੋਂ ਕਰੀਬ ਇਕ ਮਹੀਨੇ ਪਹਿਲਾਂ ਹੋਣੀ ਸੀ ਪਰ ਰਮਜ਼ਾਨ ਕਾਰਨ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ। 

ਭਾਵੇਂਕਿ ਅਲਮਜ਼ ਨੇ ਤਿਆਰੀ ਜਾਰੀ ਰੱਖੀ ਕਿਉਂਕਿ ਉਹ ਸਾਲ ਖਰਾਬ ਨਹੀਂ ਕਰਨਾ ਚਾਹੁੰਦੀ ਸੀ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਅਲਮਜ਼ ਨੇ ਕਿਹਾ,''ਗਰਭ ਅਵਸਥਾ ਦੌਰਾਨ ਪੜ੍ਹਨਾ ਕੋਈ ਸਮੱਸਿਆ ਨਹੀਂ ਸੀ। ਪ੍ਰੀਖਿਆ ਦੇਣ ਲਈ ਮੈਂ ਅਗਲੇ ਸਾਲ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੀ ਸੀ।'' ਸੋਮਵਾਰ ਨੂੰ ਬਦਲੇ ਹੋਏ ਪ੍ਰੋਗਰਾਮ ਤਹਿਤ ਅਲਮਜ਼ ਦੀ ਪ੍ਰੀਖਿਆ ਸੀ। ਇਸ ਦੌਰਾਨ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਅਲਮਜ਼ ਨੂੰ ਜਣੇਪਾ ਦਰਦ ਹੋਣਾ ਸ਼ੁਰੂ ਹੋ ਗਿਆ। ਉਸ ਨੇ ਹਸਪਤਾਲ ਜਾਣ ਤੋਂ ਪਹਿਲਾਂ ਸਿੱਖਿਆ ਅਧਿਕਾਰੀਆਂ ਨੂੰ ਹਸਪਤਾਲ ਵਿਚ ਪ੍ਰੀਖਿਆ ਦੇਣ ਦੀ ਅਪੀਲ ਕੀਤੀ। ਉਸ ਨੂੰ ਇਜਾਜ਼ਤ ਮਿਲ ਗਈ। 

ਬੱਚੇ ਨੂੰ ਜਨਮ ਦੇਣ ਦੇ ਠੀਕ 30 ਮਿੰਟ ਬਾਅਦ ਅਲਮਜ਼ ਨੇ ਹਸਪਤਾਲ ਵਿਚ ਆਪਣੀ ਪ੍ਰੀਖਿਆ ਦਿੱਤੀ। ਹਸਪਤਾਲ ਵਿਚ ਅਤਮਜ਼ ਨੇ ਇੰਗਲਿਸ਼, ਅਮਹੇਰਿਕ ਅਤੇ ਗਣਿਤ ਦੀ ਪ੍ਰੀਖਿਆ ਦਿੱਤੀ। ਹੁਣ ਉਸ ਨੂੰ ਆਸ ਹੈ ਕਿ ਉਹ ਬਾਕੀ ਦੇ ਪੇਪਰ ਨਿਰਧਾਰਤ ਤਰੀਕਾਂ 'ਤੇ ਪ੍ਰੀਖਿਆ ਕੇਂਦਰ ਜਾ ਕੇ ਦੇ ਸਕੇਗੀ। ਸਮਾਚਾਰ ਏਜੰਸੀ ਮੁਤਾਬਕ ਅਤਮਜ਼ ਪ੍ਰੀਖਿਆ ਪਾਸ ਕਰਨ ਦੇ ਬਾਅਦ ਯੂਨੀਵਰਸਿਟੀ  ਲਈ ਦੋ ਸਾਲ ਦਾ ਕੋਰਸ ਕਰਨਾ ਚਾਹੁੰਦੀ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਅਤਮਜ਼ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਲੋਕ ਅਤਮਜ਼ ਨੂੰ 'ਵੰਡਰ ਵੂਮਨ' ਕਹਿ ਰਹੇ ਹਨ।

Vandana

This news is Content Editor Vandana