ਔਰਤਾਂ ਨੂੰ ਬੁਨਿਆਦੀ ਸਮਾਨਤਾ ਤੇ ਮਾਣ ਦੇਣ 'ਚ ਫੇਲ੍ਹ ਹੋਏ ਪੁਰਸ਼ : ਗੁਤਾਰੇਸ

11/20/2018 2:36:40 PM

ਜਿਨੇਵਾ— ਸੰਯੁਕਤ ਰਾਸ਼ਟਰ ਪ੍ਰਮੁੱਖ ਐਂਤੋਨੀਓ ਗੁਤਾਰੇਸ ਨੇ ਕਿਹਾ ਹੈ ਕਿ ਲੜਕੀਆਂ ਤੇ ਔਰਤਾਂ ਜਦੋਂ ਤੱਕ ਹਿੰਸਾ ਤੇ ਅਸੁਰੱਖਿਆ ਤੋਂ ਰਹਿਤ ਤੇ ਬੇਖੌਫ ਨਹੀਂ ਹੁੰਦੀਆਂ ਉਦੋਂ ਤੱਕ ਦੁਨੀਆ ਨਿਰਪੱਖਤਾ ਤੇ ਬਰਾਬਰੀ ਦਾ ਗੁਮਾਨ ਨਹੀਂ ਕਰ ਸਕਦੀ। ਹਰ ਸਾਲ 25 ਨਵੰਬਰ ਨੂੰ ਔਰਤਾਂ ਖਿਲਾਫ ਹਿੰਸਾ ਦਾ ਅੰਤ ਅੰਤਰਰਾਸ਼ਟਰੀ ਦਿਵਸ (ਇੰਟਰਨੈਸ਼ਨਲ ਡੇ ਫਾਰ ਦ ਅਲੀਮੀਨੇਸ਼ਨ ਆਫ ਵਾਇਲੈਂਸ ਅਗੇਂਸਟ ਵੂਮਨ) ਮਨਾਇਆ ਜਾਂਦਾ ਹੈ।

ਸੋਮਵਾਰ ਨੂੰ ਇਸ ਮੌਕੇ 'ਤੇ ਆਯੋਜਿਤ ਵਿਸ਼ੇਸ਼ ਪ੍ਰੋਗਰਾਮ 'ਚ ਗੁਤਾਰੇਸ ਨੇ ਕਿਹਾ ਕਿ ਔਰਤਾਂ ਤੇ ਲੜਕੀਆਂ ਖਿਲਾਫ ਹਿੰਸਾ ਵਿਸ਼ਵ ਪੱਧਰੀ ਹੈ ਤੇ ਹਰ ਪਾਸੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਮੂਲ 'ਚ ਇਹ ਹੈ ਕਿ ਔਰਤਾਂ ਖਿਲਾਫ ਹਰ ਰੂਪ 'ਚ ਹਿੰਸਾ ਦਾ ਮਤਲਬ ਹੈ ਕਿ ਸਨਮਾਨ ਦੀ ਬੇਹੱਦ ਕਮੀ, ਔਰਤਾਂ ਦੀ ਬੁਨਿਆਦੀ ਸਮਾਨਤਾ ਤੇ ਮਾਣ ਨੂੰ ਪਹਿਚਾਨ ਦੇਣ 'ਚ ਪੁਰਸ਼ਾਂ ਦੀ ਅਸਫਲਤਾ। ਇਹ ਅੰਤਰਰਾਸ਼ਟਰੀ ਦਿਵਸ ਦੱਸਦਾ ਹੈ ਕਿ ਪ੍ਰਜਨਨ ਉਮਰ ਦੀਆਂ ਔਰਤਾਂ ਖਿਲਾਫ ਹਿੰਸਾ ਕੈਂਸਰ ਵਾਂਗ ਮੌਤ ਦਾ ਇਕ ਗੰਭੀਰ ਕਾਰਨ ਹੈ। ਇਸ ਸਾਲ ਔਰਤਾਂ ਖਿਲਾਫ ਹਿੰਸਾ ਦਾ ਅੰਤ ਅੰਤਰਰਾਸ਼ਟਰੀ ਦਿਵਸ ਦਾ ਥੀਮ ਹੈ, 'ਅਰੇਂਜ ਦ ਵਰਲਡ: ਹੀਅਰ ਮੀਟੂ।'