ਸ਼ਖਸ ਦੀ ਮਦਦ ਲਈ ਨੌਜਵਾਨ ਨੇ ਦਿੱਤਾ ਆਪਣਾ ATM ਤੇ PIN ਨੰਬਰ, ਵੀਡੀਓ ਵਾਇਰਲ

03/19/2019 5:19:05 PM

ਲੰਡਨ (ਬਿਊਰੋ)— ਇੰਗਲੈਂਡ ਦੇ ਇਕ ਨੌਜਵਾਨ ਨੇ ਦਰਿਆਦਿਲੀ ਦੀ ਅਨੋਖੀ ਮਿਸਾਲ ਪੇਸ਼ ਕੀਤੀ। ਨੌਜਵਾਨ ਦੇ ਇਸ ਕੰਮ ਬਾਰੇ ਜਾਣ ਤੁਸੀਂ ਹੈਰਾਨ ਰਹਿ ਜਾਓਗੇ। ਮਾਮਲਾ ਇੰਗਲੈਂਡ ਦੇ ਨਿਊਕੇਸਲ ਦਾ ਹੈ। ਇਕ ਬਾਰ ਨੇੜੇ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਦਾੜ੍ਹੀ ਵਾਲਾ ਸ਼ਖਸ ਹੈਰੀ ਬਾਰ ਨੇੜੇ ਬੈਠੇ ਨੌਜਵਾਨ ਕੋਲ ਆਉਂਦਾ ਹੈ। ਉਹ ਉਸ ਨੂੰ ਉਸ ਦਾ ਬੈਂਕ ਕਾਰਡ ਅਤੇ ਇਕ ਸਲਿਪ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਸ਼ਖਸ ਬੇਘਰ ਹੈ ਅਤੇ ਪੈਸੇ ਮੰਗਣ ਲਈ ਨੌਜਵਾਨ ਕੋਲ ਆਉਂਦਾ ਹੈ। ਨੌਜਵਾਨ ਉਸ ਸ਼ਖਸ ਨੂੰ ਆਪਣਾ ਬੈਂਕ ਏ.ਟੀ.ਐੱਮ ਕਾਰਡ ਅਤੇ ਪਿੰਨ ਨੰਬਰ ਦੇ ਦਿੰਦਾ ਹੈ। ਇਸ ਮਗਰੋਂ ਬੇਘਰ ਸ਼ਖਸ 20 ਪੌਂਡ ਕੱਢ ਕੇ ਏ.ਟੀ.ਐੱਮ. ਕਾਰਡ ਸਲਿਪ ਸਮੇਤ ਵਾਪਸ ਕਰ ਜਾਂਦਾ ਹੈ।

 

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਹ ਵੀਡੀਓ ਜੈਕ ਫੇਡਾ ਨਾਮ ਦੇ ਨੌਜਵਾਨ ਨੇ ਆਨਲਾਈਨ ਸ਼ੇਅਰ ਕੀਤਾ ਹੈ। ਜੈਕ ਫੈਡਾ ਇਕ ਬਿਲਡਰ ਹੈ ਜੋ ਘਟਨਾ ਸਮੇਂ ਨੇੜੇ ਦੇ ਨਾਈਟ ਕਲੱਬ ਵਿਚ ਕੰਮ ਕਰ ਰਿਹਾ ਸੀ। 27 ਸਾਲਾ ਜੈਕ ਨੇ ਕ੍ਰੋਨੀਕਲ ਲਾਈਵ ਵਿਚ ਕਿਹਾ,''ਮੈਂ ਅਕਸਰ ਉਸ ਇਲਾਕੇ ਵਿਚ ਕੰਮ ਕਰਦਾ ਹਾਂ ਅਤੇ ਦੇਖਦਾ ਹਾਂ ਕਿ ਕਾਫੀ ਸਾਰੇ ਬੇਘਰ ਲੋਕ ਉੱਥੋਂ ਲੰਘਣ ਵਾਲਿਆਂ ਕੋਲੋਂ ਪੈਸੇ ਮੰਗਦੇ ਰਹਿੰਦੇ ਹਨ। ਉਸ ਦਿਨ ਮੈਂ ਦੇਖਿਆ ਕਿ ਇਕ ਬੇਘਰ ਸ਼ਖਸ ਬਾਰ ਵਿਚ ਬੈਠੇ ਕੁਝ ਨੌਜਵਾਨਾਂ ਦੇ ਸਮੂਹ ਕੋਲ ਗਿਆ ਅਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।''

ਸਮੂਹ ਵਿਚ ਬੈਠੇ ਇਕ ਨੌਜਵਾਨ ਨੇ ਕਿਹਾ,''ਮੇਰੇ ਕੋਲ ਹਾਲੇ ਕੁਝ ਨਹੀਂ ਹੈ। ਮੇਰਾ ਕਾਰਡ ਅਤੇ ਪਿੰਨ ਨੰਬਰ ਲੈ ਜਾਓ ਅਤੇ ਆਪਣੇ ਲਈ 20 ਪੌਂਡ ਕੱਢ ਲਓ।'' ਮੈਨੂੰ ਇਹ ਦ੍ਰਿਸ਼ ਬਹੁਤ ਦਿਲਚਸਪ ਲੱਗਾ। ਮੈਂ ਆਪਣਾ ਮੋਬਾਈਲ ਫੋਨ ਕੱਢ ਕੇ ਕੈਮਰਾ ਆਨ ਕਰ ਲਿਆ ਅਤੇ ਰਿਕਾਰਡ ਕਰਨ ਲੱਗਾ। ਬੇਘਰ ਸ਼ਖਸ ਉੱਥੇ ਵਾਪਸ ਆਇਆ ਅਤੇ ਉਸ ਨੇ ਮਦਦ ਕਰਨ ਵਾਲੇ ਨੌਜਵਾਨ ਨੂੰ ਉਸ ਦਾ ਕਾਰਡ ਸਲਿਪ ਸਮੇਤ ਵਾਪਸ ਕਰ ਦਿੱਤਾ। ਇਸ ਵੀਡੀਓ ਨੂੰ ਆਨਲਾਈਨ ਪੋਸਟ ਕੀਤੇ ਜਾਣ ਦੇ ਬਾਅਦ ਡੇਢ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਸੈਂਕੜੇ ਕੁਮੈਂਟਸ ਆ ਚੁੱਕੇ ਹਨ। ਕਾਰਡ ਦੇਣ ਵਾਲੇ ਅਤੇ ਵਾਪਸ ਕਰਨ ਵਾਲੇ ਦੋਹਾਂ ਨੌਜਵਾਨਾਂ ਦੀ ਲੋਕਾਂ ਨੇ ਕਾਫੀ ਤਾਰੀਫ ਕੀਤੀ ਹੈ।

Vandana

This news is Content Editor Vandana