ਭਾਰਤੀ ਅਰਬਪਤੀ ਨੇ ਸਕਾਟਲੈਂਡ ਯਾਰਡ ਦੀ ਇਮਾਰਤ ਨੂੰ ਹੋਟਲ 'ਚ ਬਦਲਿਆ

03/24/2019 4:36:31 PM

ਈਡਨਬਰਗ (ਬਿਊਰੋ)— ਇੰਗਲੈਂਡ ਦੀ ਸਾਲ 1890 ਵਿਚ ਬਣੀ ਇਕ ਇਮਾਰਤ ਇਨੀਂ ਦਿਨੀਂ ਸੁਰਖੀਆਂ ਵਿਚ ਹੈ। ਮੈਟਰੋਪਾਲੀਟਨ ਪੁਲਸ ਦੀ ਇਸ ਇਮਾਰਤ ਨੂੰ ਭਾਰਤੀ ਅਰਬਪਤੀ ਯੂਸੁਫਅਲੀ ਕਾਦੇਰ ਨੇ ਸ਼ਾਨਦਾਰ ਹੋਟਲ ਵਿਚ ਤਬਦੀਲ ਕਰ ਦਿੱਤਾ ਹੈ। ਇਸ ਹੋਟਲ ਨੂੰ ਇਸੇ ਸਾਲ ਦੇ ਅਖੀਰ ਵਿਚ ਖੋਲ੍ਹੇ ਜਾਣ ਦੀ ਤਿਆਰੀ ਹੈ। ਕਾਦੇਰ ਨੇ 'ਗ੍ਰੇਟ ਸਕਾਟਲੈਂਡ ਯਾਰਡ' ਨੂੰ ਸਾਲ 2015 ਵਿਚ 11 ਕਰੋੜ ਪੌਂਡ ਵਿਚ ਖਰੀਦਿਆ ਸੀ। ਲੰਡਨ ਮਹਾਨਗਰ ਪੁਲਸ 1890 ਤੱਕ 60 ਸਾਲ ਤੋਂ ਵੀ ਵੱਧ ਸਮੇਂ ਤੱਕ ਇਸੇ ਇਮਾਰਤ ਤੋਂ ਸੰਚਾਲਿਤ ਹੁੰਦੀ ਰਹੀ। ਇਸ 'ਤੇ ਇਕ ਭਾਰਤੀ ਅਰਬਪਤੀ ਵੱਲੋਂ ਕਬਜ਼ਾ ਹਾਲ ਹੀ ਦੇ ਸਾਲਾਂ ਵਿਚ ਲੰਡਨ ਦੇ ਜਾਇਦਾਦ ਬਾਜ਼ਾਰ ਵਿਚ ਭਾਰਤੀ ਨਿਵੇਸ਼ਕਾਂ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਕਬਜ਼ਿਆਂ ਵਿਚੋਂ ਇਕ ਹੈ। 

ਚਰਚਾ ਹੈ ਕਿ ਇਸ ਹੋਟਲ ਦੇ ਕਮਰੇ ਵਿਚ ਰਹਿਣ ਲਈ ਗਾਹਕਾਂ ਨੂੰ ਪ੍ਰਤੀ ਰਾਤ 10 ਹਜ਼ਾਰ ਪੌਂਡ ਤੱਕ ਦਾ ਭੁਗਤਾਨ ਕਰਨਾ ਪਵੇਗਾ। ਇਸ ਇਤਿਹਾਸਿਕ ਇਮਾਰਤ ਦਾ ਪੱਟਾ ਦਸੰਬਰ 2013 ਵਿਚ ਗੇਲੀਯਾਰਡ ਹੋਮਜ਼ ਨੂੰ ਵੇਚਿਆ ਗਿਆ ਸੀ। ਅਜਿਹਾ ਰੱਖਿਆ ਮੰਤਰਾਲੇ ਨੇ ਰਾਸ਼ੀ ਇਕੱਠੀ ਕਰਨ ਲਈ ਪੁਰਾਣੀ ਜਾਇਦਾਦਾਂ ਨੂੰ ਵੇਚਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਕੀਤਾ ਸੀ। ਇਸ ਮਗਰੋਂ ਕੇਰਲ ਮੂਲ ਦੇ ਕਾਦੇਰ ਨੇ ਸਾਲ 2015 ਵਿਚ ਗੇਲੀਯਾਰਡ ਹੋਮਜ਼ ਇਮਾਰਤ ਦਾ ਪੱਟਾ ਖਰੀਦ ਲਿਆ। ਇਮਾਰਤ ਨੂੰ ਹੋਟਲ ਦਾ ਰੂਪ ਦੇਣ ਵਿਚ 7.5 ਕਰੋੜ ਪੌਂਡ ਦੀ ਲਾਗਤ ਆਈ ਹੈ। ਇਹ ਟ੍ਰੈਫਲਗਰ ਸਕਵਾਇਰ ਦੇ ਕਰੀਬ ਹੈ। ਇਸ ਵਿਚ 150 ਤੋਂ ਵੱਧ ਕਮਰੇ ਹਨ। ਇਨ੍ਹਾਂ ਵਿਚੋਂ ਕੁਝ ਕਮਰਿਆਂ ਵਿਚ ਪਹਿਲਾਂ ਅਪਰਾਧੀਆਂ ਨੂੰ ਰੱਖਿਆ ਜਾਂਦਾ ਸੀ। 

ਇਮਾਰਤ ਦਾ ਨਿਰਮਾਣ ਸਾਲ 1829 ਵਿਚ ਹੋਇਆ ਸੀ। ਇਕ ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਮਾਰਤ ਹੋਟਲ ਦੇ ਮਹਿਮਾਨਾਂ ਨੂੰ ਉਨ੍ਹਾਂ ਦੇ ਪ੍ਰਵਾਸ ਦੌਰਾਨ ਲੰਡਨ ਦੇ ਚਰਚਿਤ ਅਪਰਾਧੀਆਂ ਦੀ ਯਾਦ ਦਿਵਾਏਗੀ। ਉਨ੍ਹਾਂ ਨੂੰ ਕੈਦੀਆਂ ਵੱਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਅਤੇ ਹੋਰ ਚੀਜ਼ਾਂ ਆਦਿ ਦਿਖਾਈਆਂ ਜਾਣਗੀਆਂ। ਮਹਿਮਾਨਾਂ ਨੂੰ 19ਵੀਂ ਸਦੀ ਦੀਆਂ ਚੋਰ ਔਰਤਾਂ ਦੇ ਇਕ ਸਮੂਹ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਰਿਪੋਰਟ ਵਿਚ ਦੱਸਿਆ ਗਿਆ ਕਿ ਅਪਰਾਧੀਆਂ ਨੂੰ ਰੱਖੇ ਜਾਣ ਵਾਲੇ ਕਮਰਿਆਂ ਨੂੰ ਮੀਟਿੰਗ ਵਾਲੇ ਕਮਰਿਆਂ ਅਤੇ ਦਫਤਰਾਂ ਵਿਚ ਬਦਲ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਕਿਰਾਏ 'ਤੇ ਲਿਆ ਜਾ ਸਕਦਾ ਹੈ। ਮਹਿਮਾਨਾਂ ਲਈ ਇਸ ਹੋਟਲ ਵਿਚ ਗੁਪਤ ਵਿਸਕੀ ਬਾਰ, ਚਾਹ ਪਾਰਲਰ, ਬਾਲਰੂਮ ਅਤੇ ਰੈਸਟੋਰੈਂਟ ਵੀ ਹਨ। ਕਾਦੇਰ ਅਬੂ ਧਾਬੀ ਸਥਿਤ ਲੁਲੁ ਸਮੂਹ ਦੇ ਪ੍ਰਮੁੱਖ ਹਨ। ਉਹ ਉਨ੍ਹਾਂ ਭਾਰਤੀ ਨਿਵੇਸ਼ਕਾਂ ਵਿਚੋਂ ਹਨ ਜਿਨ੍ਹਾਂ ਨੇ ਹਾਲ ਹੀ ਦੇ ਸਮੇਂ ਵਿਚ ਲੰਡਨ ਵਿਚ ਜਾਇਦਾਦ ਖਰੀਦੀ ਹੈ।

Vandana

This news is Content Editor Vandana