ਜਸਕਰਨ ਸਿੰਘ ਕਤਲ ਮਾਮਲਾ : ਦੋ ਨੂੰ ਉਮਰ ਕੈਦ ਤੇ ਦੋ ਨੂੰ 16 ਸਾਲ ਦੀ ਜੇਲ

03/08/2019 11:54:55 AM

ਲੰਡਨ (ਰਾਜਵੀਰ ਸਮਰਾ)— ਬੀਤੇ ਵਰ੍ਹੇ 6 ਜਨਵਰੀ ਨੂੰ ਇੰਗਲੈਂਡ ਦੇ ਸੂਬੇ ਡਡਲੀ ਵਿਖੇ ਸਟੋਰਬ੍ਰਿਜ ਰੋਡ ਸਥਿਤ ਇਕ ਦੁਕਾਨ ਦੇ ਉਪਰਲੇ ਫਲੈਟ ਵਿਚ ਕਤਲ ਹੋਏ 24 ਸਾਲਾ ਜਸਕਰਨ ਸਿੰਘ ਕੰਗ ਸਬੰਧੀ ਬ੍ਰਮਿੰਘਮ ਕਰਾਊਨ ਕੋਰਟ ਵਿਚ ਦੋ ਨੂੰ ਉਮਰ ਕੈਦ ਅਤੇ ਦੋ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਤਲ ਮਾਮਲੇ 'ਚ ਪੰਜ ਵਿਅਕਤੀਆਂ ਖਿਲਾਫ ਮਾਮਲਾ ਚੱਲ ਰਿਹਾ ਸੀ। ਅਦਾਲਤ ਵਿਚ ਫਲੈਟ ਦੇ ਇਕ ਕਿਰਾਏਦਾਰ ਐਲਕ ਕਲਾਰਕ ਨੇ ਦੱਸਿਆ ਕਿ ਜਦੋਂ ਉਸ ਨੇ ਫਲੈਟ ਦਾ ਮੁੱਖ ਦਰਵਾਜ਼ਾ ਜ਼ੋਰ ਦੀ ਖੜਕਾਉਣ ਦੀ ਅਵਾਜ਼ ਸੁਣੀ ਤਾਂ ਉਹ ਆਪਣੀ ਸਾਥਣ ਨਾਲ ਕਮਰੇ ਵਿਚ ਸੀ ਅਤੇ ਜਦੋਂ ਉਨ੍ਹਾਂ ਕਮਰੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਚਾਕੂਆਂ ਸਮੇਤ ਵਿਅਕਤੀਆਂ ਨੂੰ ਦੇਖਦਿਆਂ ਹੀ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ।

ਉਸ ਨੇ ਕਿਹਾ ਕਿ ਹਮਲਾਵਰਾਂ ਨੇ ਮੂੰਹ ਢਕੇ ਹੋਏ ਸਨ ਅਤੇ ਟੋਪੀਆਂ ਵਾਲੀਆਂ ਜੈਕਟਾਂ ਪਾਈਆਂ ਹੋਈਆਂ ਸਨ। ਉਸ ਨੇ ਅਦਾਲਤ ਨੂੰ ਦੱਸਿਆ ਕਿ ਫਲੈਟ ਹੇਠਲੀ ਦੁਕਾਨ ਚਲਾ ਰਹੇ ਜਸਕਰਨ ਦੀ ਧੌਣ ਤੇ ਚਾਕੂ ਰੱਖ ਕੇ ਹਮਲਾਵਰਾਂ ਨੇ ਪੁੱਛਿਆ ਕਿ ਖਾਣਾ ਕਿੱਥੇ ਹੈ, ਜਿਸ ਦਾ ਮਤਲਬ ਡਰਗ ਤੋਂ ਸੀ। ਜਦੋਂ ਕੰਗ ਨੇ ਛੱਤ ਵਿਚ ਲੁਕੋਇਆ ਪੈਕੇਟ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੰਗ ਦੀ ਵੱਖੀ ਵਿਚ ਛੁਰੇ ਦੇ ਕਈ ਵਾਰ ਕੀਤੇ ਅਤੇ ਜਖ਼ਮੀ ਕਰਕੇ ਸੁੱਟ ਗਏ। ਗਵਾਹ ਨੇ ਕਿਹਾ ਕਿ ਉਸ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਟੋਰਬ੍ਰਿਜ ਰੋਡ ਵੱਲ ਭੱਜ ਗਏ।

ਅਦਾਲਤ ਨੇ ਇਸ ਮਾਮਲੇ ਵਿਚ 18 ਸਾਲਾ ਜੇਮਸ ਪੀਕ ਅਤੇ 19 ਸਾਲਾ ਡੋਂਟੇਅ ਐਲਿਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਦ ਕਿ ਲੋਅਰ ਗੋਰਨਲ ਦੇ 18 ਸਾਲਾ ਜੋਸੂਆ ਕੈਂਬਲ ਨੂੰ 10 ਸਾਲ ਕੈਦ ਅਤੇ ਮਾਈਕਲ ਕਨਿੰਘਮ ਨੂੰ 6 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।|

Vandana

This news is Content Editor Vandana