ਇੰਗਲੈਂਡ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ ਹੁੱਲੜਬਾਜ਼ੀ

12/10/2018 12:22:37 PM

ਲੰਡਨ (ਸਮਰਾ)— ਲੰਡਨ ਦੇ ਹੰਸਲੋ ਸ਼ਹਿਰ ਵਿਖੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਨਿਰਵੈਰ ਖ਼ਾਲਸਾ ਜੱਥਾ ਯੂ. ਕੇ. ਦੇ ਭਾਈ ਹਰਿੰਦਰ ਸਿੰਘ ਦੇ ਕੀਰਤਨ ਦੀਵਾਨ ਮੌਕੇ ਹੋਈ ਹੁੱਲੜਬਾਜ਼ੀ ਨੇ ਇਕ ਵਾਰ ਫਿਰ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਹਨ।|ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਨੂੰ ਸਜੇ ਦੀਵਾਨ 'ਚ ਜਦੋਂ ਨਿਰਵੈਰ ਜੱਥੇ ਨੇ ਸਮਾਗਮ ਦੀ ਸ਼ੁਰੂਆਤ ਕਰਨੀ ਸੀ ਤਾਂ ਕੁਝ ਸਿੱਖ ਨੌਜਵਾਨ ਸਟੇਜ ਕੋਲ ਆ ਕੇ ਨਾਮ ਸਿਮਰਨ ਕਰਨ ਲੱਗੇ।|ਪ੍ਰਬੰਧਕਾਂ ਵਲੋਂ ਬਾਰ-ਬਾਰ ਬੇਨਤੀ ਕਰਨ 'ਤੇ ਵੀ ਉਹ ਟੱਸ ਤੋਂ ਮੱਸ ਨਾ ਹੋਏ। ਕੁਝ ਸਮੇਂ ਬਾਅਦ ਇਸ ਘਟਨਾ ਨੇ ਬਹਿਸ ਤੇ ਹਿੰਸਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਵੱਡੀ ਗਿਣਤੀ 'ਚ ਪੁਲਿਸ ਨੇ ਸੰਗਤਾਂ ਨੂੰ ਮੇਨ ਹਾਲ 'ਚੋਂ ਬਾਹਰ ਕਰ ਦਿੱਤਾ ਅਤੇ ਸਮਾਗਮ ਰੱਦ ਕਰ ਦਿੱਤਾ ਗਿਆ।

ਦੁੱਖ ਅਤੇ ਅਫ਼ਸੋਸ ਦੀ ਗੱਲ ਇਹ ਸੀ ਕਿ ਸਿੱਖਾਂ ਦੀ ਆਪਸੀ ਖਹਿਬਾਜ਼ੀ ਕਾਰਨ ਇਕ ਵਾਰ ਫਿਰ ਯੂ. ਕੇ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗੁੰਡਾਗਰਦੀ ਹੋਈ ਅਤੇ ਪੁਲਿਸ ਜੁੱਤੀਆਂ ਸਮੇਤ ਦਰਬਾਰ ਹਾਲ ਵਿਚ ਦਾਖ਼ਲ ਹੋਈ। ਮੌਕੇ 'ਤੇ ਹਾਜ਼ਰ ਸੰਗਤਾਂ ਨੇ ਕਿਹਾ ਕਿ ਜਿਹੜੇ ਮਸਲੇ ਆਪਸੀ ਵਿਚਾਰ-ਵਟਾਂਦਰਾ ਕਰਕੇ ਸੁਲਝਾਏ ਜਾ ਸਕਦੇ ਹਨ, ਉਹ ਇਸ ਤਰ੍ਹਾਂ ਕਿਵੇਂ ਹੱਲ ਕੀਤੇ ਜਾ ਸਕਦੇ ਹਨ। ਇਸ ਮੌਕੇ ਹੋਈ ਹੱਥੋਪਾਈ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਅਤੇ ਹਰ ਕੋਈ ਇਸ ਘਟਨਾ ਤੋਂ ਅਤਿਅੰਤ ਦੁਖੀ ਹੈ।

ਮੌਕੇ ਦੇ ਗਵਾਹਾਂ ਨੇ ਇਹ ਵੀ ਕਿਹਾ ਕਿ ਸਟੇਜ ਤੋਂ ਬਾਰ-ਬਾਰ ਭਾਈ ਹਰਿੰਦਰ ਸਿੰਘ ਦਾ ਵਿਰੋਧ ਕਰ ਰਹੇ ਨੌਜਵਾਨਾਂ ਨੂੰ ਵੀ ਸਟੇਜ ਤੋਂ ਆਪਣੇ ਵਿਚਾਰ ਰੱਖਣ ਲਈ ਅਪੀਲ ਵੀ ਕੀਤੀ ਗਈ ਸੀ। ਘਟਨਾ ਸਬੰਧੀ ਜਦੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਲ ਨਹੀਂ ਹੋ ਸਕੀ ਪਰ ਇੰਗਲੈਂਡ ਭਰ ਵਿਚ ਇਸ ਘਟਨਾ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 

Vandana

This news is Content Editor Vandana