ਇੰਗਲੈਂਡ 'ਚ ਸਹੁਰੇ ਨੂੰ ਬਲੈਕ ਮੇਲ ਕਰਨ ਵਾਲੇ ਜੁਆਈ ਨੂੰ 4 ਸਾਲ ਕੈਦ

03/24/2019 10:12:46 AM

ਲੰਡਨ (ਰਾਜਵੀਰ ਸਮਰਾ)— ਬਰਤਾਨੀਆ ਦੀ-ਲੀਡਜ਼ ਕਰਾਊਨ ਕੋਰਟ ਨੇ 44 ਸਾਲਾ ਅਜਮੇਰ ਸਿੰਘ ਨੂੰ ਆਪਣੇ ਸਹੁਰੇ ਨੂੰ ਬਲੈਕ ਮੇਲ ਕਰਨ ਦੇ ਦੋਸ਼ਾਂ ਤਹਿਤ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਿਚ ਦੱਸਿਆ ਗਿਆ ਕਿ ਅਜਮੇਰ ਸਿੰਘ ਦਾ ਆਪਣੀ ਪਤਨੀ ਅਤੇ ਸਹੁਰੇ ਨਾਲ ਤੋੜ ਵਿਛੋੜੇ ਤੋਂ ਬਾਅਦ ਬੱਚਿਆਂ ਦਾ ਹਿਰਾਸਤੀ ਕੇਸ ਚੱਲ ਰਿਹਾ ਸੀ, ਜਿਸ ਲਈ ਉਹ ਆਪਣੇ ਸਹੁਰੇ ਨੂੰ ਜ਼ਿੰਮੇਵਾਰ ਸਮਝਦਾ ਸੀ। ਅਜਮੇਰ ਨੇ ਇਕ ਧਮਕੀ ਭਰੀ ਫ਼ਿਲਮ ਬਣਾ ਕੇ ਇੰਟਰਨੈੱਟ 'ਤੇ ਪਾਈ, ਜਿਸ ਵਿਚ ਉਸ ਨੇ ਆਪਣੇ ਸਹੁਰੇ ਨੂੰ ਉਸ ਦੇ ਮੁੰਡਿਆਂ ਦੀ ਹਿਰਾਸਤ ਲਈ ਅਦਾਲਤ ਵਿਚ ਪਾਈ ਅਰਜ਼ੀ ਵਾਪਸ ਲੈਣ ਦੀ ਧਮਕੀ ਦਿੱਤੀ।

ਉਸ ਨੇ ਆਪਣੇ ਸਹੁਰੇ ਨੂੰ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਧੀ ਨੂੰ ਦੱਸ ਦੇਵੇ ਕਿ ਉਸ ਦੇ ਮੁੰਡਿਆਂ ਦੀ ਹਿਰਾਸਤ ਲੈਣ ਵਾਲਾ ਕੇਸ ਬੰਦ ਕਰ ਦੇਵੇ। ਅਦਾਲਤ ਵਿਚ ਦੱਸਿਆ ਗਿਆ ਕਿ ਅਜਮੇਰ ਸਿੰਘ ਦਾ ਸਹੁਰਾ ਸਥਾਨਕ ਸਿੱਖ ਭਾਈਚਾਰੇ ਵਿਚ ਸਤਿਕਾਰਤ ਵਿਅਕਤੀ ਹੈ, ਜੋ ਟੈਕਸੀ ਵੀ ਚਲਾਉਂਦਾ ਹੈ। 72 ਸਾਲਾ ਬਲਬੀਰ ਸਿੰਘ ਨੇ ਆਪਣੀ ਗਾਹਕ ਕੁੜੀ ਦੇ ਸਮਾਨ ਨੂੰ ਉਸ ਦੇ ਹੋਟਲ ਤੱਕ ਪਹੁੰਚਾਉਣ ਵਿਚ ਮਦਦ ਕੀਤੀ ਸੀ, ਜਿਸ ਦਾ ਪਿੱਛਾ ਕਰਦਿਆਂ ਅਜਮੇਰ ਨੇ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ। 

ਬਲਬੀਰ ਸਿੰਘ ਦੀ ਧੀ ਨੇ ਜਦੋਂ ਆਪਣੇ ਪਿਤਾ ਨੂੰ ਰੋਂਦੇ ਵੇਖਿਆ ਤਾਂ ਸਾਰੀ ਗੱਲ ਜਾਣ ਕੇ, ਪੁਲਿਸ ਨੂੰ ਸੂਚਿਤ ਕੀਤਾ। ਅਦਾਲਤ ਨੇ ਅਜਮੇਰ ਦੇ ਭਰਾ 37 ਸਾਲਾ ਹਰਵਿੰਦਰ ਸਿੰਘ ਅਤੇ 40 ਸਾਲਾ ਪੀਟਰ ਚਿਮਲਕਵਾ ਦਾ ਅਦਾਲਤੀ ਕੇਸ ਰਾਖਵਾਂ ਰੱਖ ਕੇ ਛੱਡ ਦਿੱਤਾ, ਜਦਕਿ ਅਜਮੇਰ ਸਿੰਘ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮੌਕੇ ਉਸ ਦੇ 17 ਸਾਲਾ ਬੇਟੇ (ਜੋ ਆਪਣੇ ਪਿਤਾ ਨਾਲ ਰਹਿੰਦਾ ਹੈ) ਨੇ ਪਬਲਿਕ ਗੈਲਰੀ ਵਿਚ ਆਪਣੇ ਪਿਤਾ ਦੀ ਸਜ਼ਾ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਉਸ ਦਾ ਪਿਤਾ ਬੇਕਸੂਰ ਹੈ। ਅਜਮੇਰ ਦੇ ਬਾਕੀ ਪਰਿਵਾਰਕ ਮੈਂਬਰਾਂ ਨੇ ਵੀ ਸਜ਼ਾ ਦਾ ਵਿਰੋਧ ਕੀਤਾ ਹੈ। 

Vandana

This news is Content Editor Vandana