ਇੰਗਲੈਂਡ ਦੇ ਪੱਛਮੀ ਮਿਡਲੈਂਡ ''ਚ ਹਰ ਹਫ਼ਤੇ ਹੁੰਦੀ ਹੈ ਇਕ ਬੇਘਰੇ ਦੀ ਮੌਤ

02/05/2019 4:43:25 PM

ਲੰਡਨ (ਮਨਦੀਪ ਖੁਰਮੀ)— ਮੋਰ ਦੀ ਖੂਬਸੂਰਤੀ ਹਰ ਕਿਸੇ ਦੇ ਮਨ ਨੂੰ ਮੋਂਹਦੀ ਹੈ ਪਰ ਕਹਿੰਦੇ ਹਨ ਕਿ ਮੋਰ ਆਪਣੇ ਪੈਰਾਂ ਨੂੰ ਦੇਖ-ਦੇਖ ਝੂਰਦਾ ਰਹਿੰਦਾ ਹੈ। ਅਜਿਹਾ ਹਾਲ ਹੀ ਇੰਗਲੈਂਡ ਦਾ ਹੈ ਜਿੱਥੋਂ ਦੀ ਖੂਬਸੂਰਤੀ, ਪ੍ਰਬੰਧ ਤਾਂ ਹਰ ਕਿਸੇ ਦਾ ਧਿਆਨ ਖਿੱਚਦੀ ਹੈ ਪਰ ਬਹੁਤ ਸਾਰੇ ਅਜਿਹੇ ਕਾਰਨ ਵੀ ਹਨ ਜਿਹੜੇ ਇੰਗਲੈਂਡ ਦੇ ਮੱਥੇ ਦਾ ਦਾਗ ਬਣਦੇ ਜਾ ਰਹੇ ਹਨ। ਜਿਉਂ ਹੀ ਠੰਢ ਦਾ ਪ੍ਰਕੋਪ ਵਧਦਾ ਹੈ ਤਾਂ ਖੁੱਲ੍ਹੇ ਆਸਮਾਨ ਹੇਠ ਸੌਂਦੇ ਬੇਘਰੇ ਲੋਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਰੜਕਣ ਲਗਦੀਆਂ ਹਨ। 

ਬਰਮਿੰਘਮ ਵਿਚ ਇਕ ਪੁਲ ਹੇਠ ਸੁੱਤੇ ਪਏ 33 ਸਾਲਾ ਕੇਨ ਵਾਕਰ ਦੀ ਮੌਤ ਨੇ ਸੁੱਤੇ ਪਏ ਅੰਕੜੇ ਫੇਰ ਲੋਕ ਮਨਾਂ ਵਿਚ ਜਗਾ ਦਿੱਤੇ ਹਨ। ਇਹ ਅੰਕੜੇ ਦੱਸਦੇ ਹਨ ਕਿ ਸਿਰਫ ਪੱਛਮੀ ਮਿਡਲੈਂਡ ਵਿਚ ਹੀ ਹਰ ਸਾਲ 44-45 ਦੇ ਲਗਭਗ ਬੇਘਰੇ ਇਨਸਾਨ ਮੌਤ ਦੇ ਮੂੰਹ ਚਲੇ ਜਾਂਦੇ ਹਨ। ਔਸਤਨ ਹਰ ਹਫ਼ਤੇ ਕਿਸੇ ਨਾ ਕਿਸੇ ਦਾ ਭੌਰ ਠੰਢ ਕਾਰਨ ਉਡਾਰੀ ਮਾਰ ਜਾਂਦੈ। ਪਿਛਲੇ 5 ਸਾਲਾਂ ਵਿਚ ਮੌਤਾਂ ਦਾ ਅੰਕੜਾ 223 ਦੀ ਗਿਣਤੀ ਪਾਰ ਕਰ ਚੁੱਕਾ ਹੈ। ਬਰਮਿੰਘਮ ਵਾਈ ਐੱਮ.ਸੀ.ਏ. ਵੱਲੋਂ ਕੀਤੇ ਨਿਰੀਖਣ ਦੱਸਦੇ ਹਨ ਕਿ ਅਜੇ ਹੋਰ 91 ਵਿਅਕਤੀ ਬਰਮਿੰਘਮ ਵਿੱਚ ਖੁੱਲ੍ਹੇ ਆਸਮਾਨ ਹੇਠ ਸੌਣ ਲਈ ਮਜ਼ਬੂਰ ਹਨ। 

ਜ਼ਿਕਰਯੋਗ ਹੈ ਇਕੱਲੇ ਪੱਛਮੀ ਮਿਡਲੈਂਡ ਵਿਚ 2013 ਵਿਚ 41, 2014 ਵਿਚ 54, 2015 ਵਿਚ 48, 2016 ਵਿਚ 35, 2017 ਵਿਚ 45 ਮੌਤਾਂ ਹੋ ਚੁੱਕੀਆਂ ਹਨ ਜਦਕਿ ਪਿਛਲੇ 5 ਸਾਲਾਂ ਵਿਚ ਪੂਰੇ ਦੇਸ਼ ਵਿਚ ਇਹ ਗਿਣਤੀ 2677 ਤੋਂ ਵੀ ਵਧੇਰੇ ਹੈ।


Vandana

Content Editor

Related News