ਬ੍ਰਿਟੇਨ : ਸਮੁੰਦਰ ''ਚ ਦਿੱਸੀ ਡੇਢ ਮੀਟਰ ਲੰਬੀ ਜੈਲੀਫਿਸ਼, ਵੀਡੀਓ

07/16/2019 1:11:59 PM

ਲੰਡਨ (ਬਿਊਰੋ)— ਇਹ ਦੁਨੀਆ ਰਹੱਸਾਂ ਨਾਲ ਭਰਪੂਰ ਹੈ। ਵਿਗਿਆਨੀ ਇਨ੍ਹਾਂ ਰਹੱਸਾਂ ਦਾ ਪਤਾ ਲਗਾਉਣ ਦੀ ਦਿਨ-ਰਾਤ ਕੋਸ਼ਿਸ਼ ਕਰ ਰਹੇ ਹਨ। ਕਈ ਵਾਰ ਇਹ ਰਹੱਸ ਖੁਦ ਹੀ ਉਜਾਗਰ ਹੋ ਜਾਂਦੇ ਹਨ। ਸਮੁੰਦਰ ਵਿਚ ਪਾਏ ਜਾਣ ਜੀਵ ਅੱਜ ਵੀ ਮਨੁੱਖੀ ਸੋਚ ਨੂੰ ਹੈਰਾਨ ਕਰ ਦਿੰਦੇ ਹਨ। ਹਾਲ ਹੀ ਵਿਚ ਇੰਗਲੈਂਡ ਦੇ ਕੌਰਨਵੈਲ ਵਿਚ ਡੇਢ ਮੀਟਰ ਲੰਬੀ ਇਨਸਾਨੀ ਕੱਦ ਵਾਲੀ ਜੈਲੀਫਿਸ਼ ਦੇਖੀ ਗਈ। ਪਾਣੀ ਦੀ ਡੂੰਘਾਈ ਵਿਚ ਮੌਜੂਦ ਜੈਲੀਫਿਸ਼ ਨੂੰ ਡਾਈਵਿੰਗ ਦੌਰਾਨ ਟੀ.ਵੀ. ਪ੍ਰੀਜੈਂਟਰ ਲਿਜ਼ੀ (Lizzie) ਨੇ ਦੇਖਿਆ। ਲਿਜ਼ੀ ਮੁਤਾਬਕ ਉਨ੍ਹਾਂ ਨੇ ਪਹਿਲੀ ਵਾਰ ਇੰਨੀ ਵੱਡੀ ਜੈਲੀਫਿਸ਼ ਦੇਖੀ। ਇਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

 

ਲਿਜ਼ੀ ਟੀ.ਵੀ. ਪ੍ਰੀਜ਼ੈਂਟਰ ਹੋਣ ਦੇ ਨਾਲ-ਨਾਲ ਬਾਇਓ ਪ੍ਰੌਟੈਕਟਰ ਵੀ ਹਨ। ਉਨ੍ਹਾਂ ਮੁਤਾਬਕ ਵਾਈਲਡ ਓਸ਼ੀਅਨ ਵੀਕ ਮੁਹਿੰਮ ਦੌਰਾਨ ਉਨ੍ਹਾਂ ਨੇ ਆਪਣੇ ਜਿੰਨੀ ਲੰਬੀ ਜੈਲੀਫਿਸ਼ ਤੈਰਦੀ ਦੇਖੀ। ਉਸ ਨੂੰ ਕੈਮਰੇ ਵਿਚ ਕੈਦ ਕਰਨ ਵਿਚ 2 ਘੰਟੇ ਲੱਗੇ। ਮੈਰੀਨ ਮਾਹਰਾਂ ਮੁਤਾਬਕ ਇਹ ਜੈਲੀਫਿਸ਼ ਅਜਿਹੀ ਪ੍ਰਜਾਤੀ ਹੈ ਜੋ ਆਕਾਰ ਵਿਚ ਸਭ ਤੋਂ ਵੱਡੀ ਹੁੰਦੀ ਹੈ। ਇਸ ਨੂੰ 'ਬੈਰੇਲ ਜੈਲੀਫਿਸ਼' ਵੀ ਕਹਿੰਦੇ ਹਨ। ਇਹ ਖਾਸ ਤੌਰ 'ਤੇ ਬ੍ਰਿਟੇਨ ਦੇ ਕੌਰਨਵੈਲ ਵਿਚ ਪਾਈ ਜਾਂਦੀ ਹੈ। ਇਸ ਦਾ ਵਜ਼ਨ 45 ਕਿਲੋਗ੍ਰਾਮ ਤੱਕ ਹੁੰਦਾ ਹੈ ਅਤੇ ਚੌੜਾਈ ਕਰੀਬ 90 ਸੈਂਟੀਮੀਟਰ ਤੱਕ ਹੁੰਦੀ ਹੈ। 

15 ਸਾਲਾਂ ਦੇ ਮੁਕਾਬਲੇ ਪਿਛਲੇ ਕੁਝ ਦਿਨਾਂ ਵਿਚ ਕੌਨਰਵੈਲ ਵਿਚ ਇਹ ਸਭ ਤੋਂ ਜ਼ਿਆਦਾ ਵਾਰ ਦੇਖੀ ਗਈ। ਭਾਵੇਂਕਿ ਇਹ ਪਹਿਲਾ ਵੱਡਾ ਸਮੁੰਦਰੀ ਜੀਵ ਨਹੀਂ ਹੈ ਜੋ ਬ੍ਰਿਟੇਨ ਵਿਚ ਦੇਖਿਆ ਗਿਆ। ਇਸ ਤੋਂ ਪਹਿਲਾਂ ਵੀ 8 ਫੁੱਟ ਦੀ 133 ਕਿਲੋ ਵਜ਼ਨੀ ਸ਼ਾਰਕ ਪੋਰਟਲੈਂਡ ਵਿਚ ਦੇਖੀ ਗਈ ਸੀ। ਮਾਹਰਾਂ ਮੁਤਾਬਕ ਬੈਰੇਲ ਜੈਲੀਫਿਸ਼ ਦੇ ਡੰਗ ਬਹੁਤ ਕਮਜ਼ੋਰ ਹੁੰਦੇ ਹਨ। ਇਸ ਲਈ ਇਹ ਇਨਸਾਨ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਪਾਉਂਦੀ। ਇਹ ਸਮੁੰਦਰ ਵਿਚ ਮੌਜੂਦ ਅਜਿਹੇ ਜੀਵਾਂ ਨੂੰ ਖਾਂਧੀ ਹੈ ਜੋ ਬਹੁਤ ਛੋਟੇ ਆਕਾਰ ਦੇ ਹੁੰਦੇ ਹਨ ਅਤੇ ਤੈਰ ਨਹੀਂ ਪਾਉਂਦੇ। ਗਰਮੀ ਦੇ ਮੌਸਮ ਵਿਚ ਆਮਤੌਰ 'ਤੇ ਇਹ ਬ੍ਰਿਟੇਨ ਦੇ ਤਟਾਂ 'ਤੇ ਦੇਖੀ ਜਾਂਦੀ ਹੈ।

Vandana

This news is Content Editor Vandana