ਇੰਗਲੈਂਡ ''ਚ ਮੁੜ ਵਧੇ ਕੋਰੋਨਾ ਮਾਮਲੇ, 6 ਮਹੀਨੇ ਲਈ ਲੱਗੀਆਂ ਨਵੀਆਂ ਪਾਬੰਦੀਆਂ

09/29/2020 6:35:06 PM

ਲੰਡਨ (ਬਿਊਰੋ): ਇੰਗਲੈਂਡ ਵਿਚ ਕੋਰੋਨਾਵਾਇਰਸ ਨਾਲ ਹਾਲਾਤ ਤੇਜ਼ੀ ਨਾਲ ਵਿਗੜਦੇ ਦਿਸ ਰਹੇ ਹਨ। ਇਨਫੈਕਸ਼ਨ ਦੀ ਦਰ ਦੇ ਹੌਲੀ ਪੈਣ ਦੇ ਬਾਅਦ ਫਿਰ ਇਸ ਵਿਚ ਤੇਜ਼ੀ ਆ ਰਹੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਹਾਲਤ ਨੂੰ 'ਖਤਰਨਾਕ ਮੋੜ' (Perilius turning point) ਦੱਸਦਿਆਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇੰਗਲੈਂਡ ਵਿਚ ਇਹ ਪਾਬੰਦੀਆਂ ਅਗਲੇ 6 ਮਹੀਨੇ ਤੱਕ ਲਈ ਹੋਣਗੀਆਂ ਜਦੋਂ ਤੱਕ ਕਿ ਹਾਲਾਤ ਸਧਾਰਨ ਨਹੀਂ ਹੋ ਜਾਂਦੇ।

ਲੱਗੀਆਂ ਇਹ ਪਾਬੰਦੀਆਂ
ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਜਿਹੜੀਆਂ ਪਾਬੰਦੀਆਂ ਦਾ ਐਲਾਨ ਹੋਇਆ ਹੈ ਉਹਨਾਂ ਵਿਚ ਦਫਤਰ ਆਦਿ ਬਾਹਰੀ ਇਲਾਕੇ ਵਿਚ ਕੰਮ ਕਰਨ ਦੀ ਖਾਂ ਘਰ ਤੋਂ ਕੰਮ (Work from home) ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਬਾਰ ਅਤੇ ਰੈਸਟੋਰੈਂਟ ਨੂੰ ਹਰ ਹਾਲ ਵਿਚ ਰਾਤ 10 ਵਜੇ ਤੱਕ ਬੰਦ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਦੀ ਸੇਵਾ ਟੇਬਲ ਸਰਵਿਸ ਤੱਕ ਹੀ ਸੀਮਤ ਹੋਵੇਗੀ। ਰਿਟੇਲ ਸਟਾਫ ਤੋਂ ਲੈਕੇ ਟੈਕਸੀ ਅਤੇ ਪ੍ਰਾਈਵੇਟ ਹਾਇਰ ਵ੍ਹੀਕਲ (ਕਿਰਾਏ ਦੀਆਂ ਗੱਡੀਆਂ) ਦੇ ਸਟਾਫ ਨੂੰ ਫੇਸ ਮਾਸਕ ਪਾਉਣਾ ਲਾਜਮੀ ਹੋਵੇਗਾ। ਰੈਸਟੋਰੈਂਟ ਵਿਚ ਵੀ ਮਾਸਕ ਲਾਜਮੀ ਹੈ, ਇਹ ਸਿਰਫ ਖਾਂਦੇ ਸਮੇਂ ਉਤਾਰੇ ਜਾ ਸਕਦੇ ਹਨ। 28 ਸਤੰਬਰ ਦੇ ਬਾਅਦ ਤੋਂ ਇੰਗਲੈਂਡ ਵਿਚ ਕਿਸੇ ਵਿਆਹ ਵਿਚ 15 ਤੋਂ ਵੱਧ ਮਹਿਮਾਨ ਸ਼ਾਮਲ ਨਹੀਂ ਹੋ ਸਕਣਗੇ।

ਇਕਾਂਤਵਾਸ ਵਿਚ ਰਹਿਣਾ ਜ਼ਰੂਰੀ
ਇੰਗਲੈਂਡ ਵਿਚ ਸੋਮਵਾਰ ਤੋਂ ਇਹ ਨਿਯਮ ਲਾਗੂ ਹੋ ਗਿਆ ਕਿ ਜਿਹੜੇ ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾਣਗੇ, ਉਹਨਾਂ ਲਈ ਕਾਨੂੰਨੀ ਤੌਰ 'ਤੇ ਇਕਾਂਤਵਾਸ ਹੋਣਾ ਲਾਜਮੀ ਹੋਵੇਗਾ। ਅਜਿਹੇ ਲੋਕ ਵੀ ਇਕਾਂਤਵਾਸ ਵਿਚ ਰਹਿਣਗੇ ਜੋ ਕਿਸੇ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਆਏ ਹਨ। ਇੰਨਾ ਹੀ ਨਹੀਂ ਜੇਕਰ ਕੋਈ ਸ਼ਖਸ ਸੈਲਫ ਇਕਾਂਤਵਾਸ ਹੋਣ ਤੋਂ ਮਨਾ ਕਰਦਾ ਹੈ ਤਾਂ ਉਸ 'ਤੇ 10 ਹਜ਼ਾਰ ਪੌਂਡ ਦਾ ਜੁਰਮਾਨਾ ਹੋ ਸਕਦਾ ਹੈ। ਸੈਲਫ ਇਕਾਂਤਵਾਸ ਦੇ ਨਿਯਮਾਂ ਦੇ ਮੁਤਾਬਕ, ਪਾਜ਼ੇਟਿਵ ਸ਼ਖਸ ਅਗਲੇ 10 ਦਿਨ ਤੱਕ ਆਪਣਾ ਘਰ ਨਹੀਂ ਛੱਡ ਸਕਦਾ। ਇੱਥੋਂ ਤੱਕ ਕਿ ਉਸ ਨੂੰ ਜ਼ਰੂਰੀ ਸਾਮਾਨ ਖਰੀਦਣ ਲਈ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ। 

ਇਹ ਸਖਤ ਪਾਬੰਦੀਆਂ ਇਸ ਲਈ ਲਗਾਈਆਂ ਗਈਆਂ ਹਨ ਕਿਉਂਕਿ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਇੰਗਲੈਂਡ ਵਿਚ ਲੋਕ ਕਾਫੀ ਹੱਦ ਤੱਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।ਇੰਗਲੈਂਡ ਵਿਚ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਹੋਵੇ, ਇਸ ਲਈ ਪੁਲਸ ਪ੍ਰਸ਼ਾਸਨ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਲੋੜ ਪੈਣ 'ਤੇ ਸੈਨਾ ਨੂੰ ਵੀ ਲਗਾਇਆ ਜਾ ਸਕਦਾ ਹੈ। ਲੰਡਨ ਵਿਚ ਇਸ ਹਫਤੇ ਕੋਰੋਨਾ ਦੇ 2865 ਨਵੇਂ ਮਾਮਲੇ ਸਨ ਜਿਸ ਵਿਚ ਪਿਛਲੇ ਦੋ ਹਫਤੇ ਦੇ ਮਰੀਜ਼ ਵੀ ਸ਼ਾਮਲ ਹਨ।

Vandana

This news is Content Editor Vandana