ਬੱਚਿਆਂ ਲਈ ਹੈਵਾਨ ਬਣੇ ਮਾਪੇ, ਕਮਰੇ ''ਚ ਬੰਦ ਕਰ ਕੇ ਰੱਖੇ ਭੁੱਖੇ-ਪਿਆਸੇ

12/10/2017 5:15:36 PM

ਬ੍ਰਾਸੀਲੀਆ (ਬਿਊਰੋ)- ਬੱਚੇ ਖੁਦ ਨੂੰ ਮਾਪਿਆਂ ਕੋਲ ਸਭ ਤੋਂ ਜ਼ਿਆਦਾ ਸੁਰੱਖਿਅਤ ਮੰਨਦੇ ਹਨ। ਜੇ ਮਾਪੇ ਹੀ ਆਪਣੇ ਬੱਚਿਆਂ ਦੇ ਦੁਸ਼ਮਣ ਬਣ ਜਾਣ ਤਾਂ ਉਨ੍ਹਾਂ ਦੀ ਹੁੰਦੀ ਮਾੜੀ ਹਾਲਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਬ੍ਰਾਜ਼ੀਲ ਦੇ ਇਕ ਘਰ ਵਿਚ ਬੰਦ ਪੰਜ ਕੁਪੋਸ਼ਿਤ ਬੱਚਿਆਂ ਨੂੰ ਆਜ਼ਾਦ ਕਰਵਾਇਆ ਗਿਆ ਹੈ। ਇਨ੍ਹਾਂ ਬੱਚਿਆਂ ਵਿਚ 3 ਮੁੰਡੇ ਅਤੇ 2 ਕੁੜੀਆਂ ਹਨ। ਇਹ ਬੱਚੇ ਕਮਰੇ ਦੀਆਂ ਖਿੜਕੀਆਂ ਜ਼ਰੀਏ ਹੱਥਾਂ ਨਾਲ ਲਿਖੇ ਨੋਟਸ ਗੁਆਂਢੀਆਂ ਵੱਲ ਸੁੱਟ ਰਹੇ ਸਨ, ਤਾਂ ਜੋ ਉਨ੍ਹਾਂ ਨੂੰ ਬਚਾਇਆ ਜਾ ਸਕੇ। ਇਨ੍ਹਾਂ ਬੱਚਿਆਂ ਦੀ ਉਮਰ 6 ਤੋਂ 14 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜਿਸ ਕਮਰੇ ਵਿਚੋਂ ਇਨ੍ਹਾਂ ਨੂੰ ਕੱਢਿਆ ਗਿਆ ਹੈ, ਉਹ ਬਹੁਤ ਹੀ ਗੰਦੀ ਹਾਲਤ ਵਿਚ ਸੀ। ਉੱਥੇ ਨਾ ਤਾਂ ਭੋਜਨ ਦੀ ਵਿਵਸਥਾ ਸੀ ਅਤੇ ਨਾ ਹੀ ਸਾਫ ਪਾਣੀ ਦਾ ਇੰਤਜ਼ਾਮ। ਬੱਚਿਆਂ ਦੇ ਮਾਪਿਆਂ ਨੂੰ ਜਾਂਚ ਕਰਤਾਵਾਂ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਹੈ ਪੂਰਾ ਮਾਮਲਾ
ਇਹ ਮਾਮਲਾ ਪੱਛਮੀ ਬ੍ਰਾਜ਼ੀਲ ਦੇ ਕਿਊਬਾ ਦਾ ਹੈ, ਜਿੱਥੇ ਸਲਾਬ ਅਤੇ ਗੰਦਗੀ ਨਾਲ ਭਰੇ ਕਮਰੇ ਵਿਚ ਬੱਚਿਆਂ ਦੇ ਮਾਪਿਆਂ ਨੇ ਹੀ ਉਨ੍ਹਾਂ ਨੂੰ ਬੰਦ ਕਰਕੇ ਰੱਖਿਆ ਹੋਇਆ ਸੀ। ਕਮਰੇ ਵਿਚ ਵਿਛਿਆ ਹੋਇਆ ਬਿਸਤਰ ਤੱਕ ਗਿੱਲਾ ਸੀ ਅਤੇ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਇਹ ਬੱਚੇ ਭੋਜਨ ਅਤੇ ਪਾਣੀ ਲਈ ਤਰਸ ਰਹੇ ਸਨ। ਬੱਚਿਆਂ ਦੀ ਇਸ ਸਥਿਤੀ ਵੱਲ ਲੋਕਾਂ ਦਾ ਧਿਆਨ ਉਦੋਂ ਗਿਆ, ਜਦੋਂ ਉਨ੍ਹਾਂ ਨੇ ਆਪਣੀਆਂ ਪਰੇਸ਼ਾਨੀਆਂ ਪੇਜ਼ 'ਤੇ ਲਿਖ ਕੇ ਖਿੜਕੀ ਦੇ ਬਾਹਰ ਸੁੱਟਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਵੱਲੋਂ ਲਿਖੇ ਨੋਟਸ ਗੁਆਂਢੀਆਂ ਨੂੰ ਮਿਲੇ, ਜਿਸ ਮਗਰੋਂ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬੱਚਿਆਂ ਨੂੰ ਆਜ਼ਾਦ ਕਰਵਾਇਆ। ਸਪੈਸ਼ਲਾਈਜਡ ਡਿਫੈਂਸ ਆਫ ਚਿਲਡਰਨ ਅਤੇ ਐਡੋਲਸੈਨਸ ਰਾਈਟਸ (adolescents rights) ਦੀ ਪੁਲਸ ਨੇ ਇਹ ਨੋਟਸ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਦਰਦਨਾਕ ਸਥਿਤੀ ਦਾ ਵਰਨਣ ਹੈ। ਇਕ ਨੋਟਸ ਵਿਚ ਲਿਖਿਆ ਹੈ,''ਅਸੀਂ ਕਮਰੇ ਵਿਚ ਬੰਦ ਹਾਂ। ਅਸੀਂ ਬਹੁਤ ਭੁੱੱਖੇ-ਪਿਆਸੇ ਹਾਂ। ਸਾਨੂੰ ਖਾਣੇ ਦੀ ਲੋੜ ਹੈ। ਸਾਨੂੰ ਭੁੱਖਿਆਂ ਨੂੰ ਹੀ ਕਮਰੇ ਵਿਚ ਬੰਦ ਕਰ ਦਿੱਤਾ ਗਿਆ ਹੈ।''

PunjabKesari

ਇਸ ਹਾਲ ਵਿਚ ਮਿਲੇ ਮਾਤਾ-ਪਿਤਾ
ਜਾਂਚ ਟੀਮ ਜਦੋਂ ਇਸ ਮਕਾਨ ਵਿਚ ਪੁੱਜੀ ਤਾਂ ਬੱਚਿਆਂ ਦੀ ਮਾਂ ਨਤਾਲੀਆ ਪਰੇਰਾ ਅਤੇ ਪਿਤਾ ਹੇਲੀਓ ਰੋਬਰਟੋ ਡੋਸ ਸੈਂਟੋਸ ਖਾਣਾ ਖਾ ਰਹੇ ਸਨ। ਜਦਕਿ ਉਨ੍ਹਾਂ ਦੇ ਬੱਚੇ ਕਮਰੇ ਵਿਚ ਬੰਦ ਸਨ ਅਤੇ ਭੁੱਖੇ ਬੈਠੇ ਸਨ। ਬੱਚਿਆਂ ਦੇ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ 'ਤੇ ਘਰੇਲੂ ਹਿੰਸਾ, ਬਾਲ ਦੁਰਵਿਵਹਾਰ ਅਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਸਮੇਂ ਬੱਚੇ ਚਾਈਲਡ ਕੇਅਰ ਯੂਨਿਟ ਡੈਡਿਕਾ (Deddica) ਦੀ ਕਸਟਡੀ ਵਿਚ ਹਨ। ਜਾਂਚ ਕਰਤਾਵਾਂ ਮੁਤਾਬਕ ਉਹ ਬਹੁਤ ਬੁਰੀ ਤਰ੍ਹਾਂ ਕੁਪੋਸ਼ਿਤ ਹਨ। ਚਾਈਲਡ ਸੁਰੱਖਿਆ ਏਜੰਟ ਡੇਟ ਲੀਮਾ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਰਿਕਵਰੀ ਲਈ ਪਿਆਰ ਅਤੇ ਮਨੋਵਿਗਿਆਨਿਕ ਦੇਖਭਾਲ ਦੀ ਜ਼ਰੂਰਤ ਹੈ।


Related News