ਜਾਪਾਨ ਦੇ ਬਾਦਸ਼ਾਹ ਕਰਨਗੇ ਕੁਝ ਅਜਿਹਾ ਜੋ ਪਿਛਲੇ 200 ਸਾਲ ''ਚ ਨਹੀਂ ਹੋਇਆ!

06/09/2017 12:14:16 PM

ਟੋਕੀਓ— ਜਾਪਾਨ ਦੀ ਸੰਸਦ ਨੇ ਸ਼ੁੱਕਰਵਾਰ (9 ਜੂਨ) ਨੂੰ ਇਕ ਕਾਨੂੰਨ ਪਾਸ ਕੀਤਾ, ਜਿਸ ਦੇ ਤਹਿਤ ਜਾਪਾਨ ਦੇ ਮੌਜੂਦਾ ਬਾਦਸ਼ਾਹ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਵੇਗਾ। ਬਾਦਸ਼ਾਹ ਅਕਿਹੀਤੋ ਆਪਣੀ ਇੱਛਾ ਨਾਲ ਬਾਦਸ਼ਾਹ ਦਾ ਅਹੁਦਾ ਛੱਡਣ ਲਈ ਤਿਆਰ ਹੋਏ ਹਨ ਅਤੇ ਇਸ ਦੌਰਾਨ ਉਹ ਆਪਣੇ ਪੁੱਤਰ ਰਾਜਕੁਮਾਰ ਨਾਰੂਹੀਤੋ ਲਈ ਅਗਲਾ ਸਮਰਾਟ ਬਣਨ ਦਾ ਰਸਤਾ ਸਾਫ ਕਰ ਸਕਦੇ ਹਨ। ਸੰਸਦ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਪਿਛਲੇ ਲਗਭਗ 200 ਦੌਰਾਨ ਇਹ ਪਹਿਲੀ ਵਾਰੀ ਹੋਵੇਗਾ ਕਿ ਜਦੋਂ ਜਾਪਾਨ ਦਾ ਕੋਈ ਬਾਦਸ਼ਾਹ ਆਪਣਾ ਅਹੁਦਾ ਛੱਡੇਗਾ। ਬਾਦਸ਼ਾਹ ਦੇ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਾਜਕੁਮਾਰ ਨਾਰੂਹੀਤੋ ਅਗਲੇ ਸਾਲ ਦੇ ਅੰਤ ਤੱਕ ਜਾਪਾਨ ਦੇ ਬਾਦਸ਼ਾਹ ਦਾ ਅਹੁਦਾ ਸੰਭਾਲ ਸਕਦੇ ਹਨ। ਜ਼ਿਕਰਯੋਗ ਹੈ ਕਿ 83 ਸਾਲਾ ਬਾਦਸ਼ਾਹ ਅਕਿਹੀਤੋ ਸਿਹਤ ਸੰਬੰਧੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਜਾਪਾਨੀ ਬਾਦਸ਼ਾਹ ਦੇ ਦਿਲ ਦਾ ਆਪਰੇਸ਼ਨ ਹੋਣ ਤੋਂ ਇਲਾਵਾ ਪ੍ਰੋਸਟੇਟ ਕੈਂਸਰ ਦਾ ਇਲਾਜ਼ ਵੀ ਹੋ ਚੁੱਕਾ ਹੈ। ਪਿਛਲੇ ਸਾਲ ਬਾਦਸ਼ਾਹ ਅਕਿਹੀਤੋ ਨੇ ਜਨਤਕ ਤੌਰ 'ਤੇ ਕਿਹਾ ਸੀ ਕਿ ਉਮਰ ਦੇ ਇਸ ਪੜਾਅ ਦੇ ਕਾਰਨ ਉਨ੍ਹਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਮੁਸ਼ਕਿਲ ਹੋ ਗਿਆ ਹੈ। ਮਿੱਠੀ ਬੋਲੀ ਵਾਲੇ ਬਾਦਸ਼ਾਹ ਅਕਿਹੀਤੋ ਨੇ ਕਈ ਦਹਾਕਿਆਂ ਤੱਕ ਦੇਸ਼ ਅਤੇ ਵਿਦੇਸ਼ 'ਚ ਕੰਮ ਕਰ ਕੇ ਦੂਜੇ ਵਿਸ਼ਵ ਯੁੱਧ ਦੇ ਜ਼ਖਮਾਂ ਨੂੰ ਭਰਨ ਦਾ ਕੰਮ ਕੀਤਾ ਹੈ। ਬਾਦਸ਼ਾਹ ਅਕਿਹੀਤੋ ਤੋਂ ਬਾਅਦ ਉਨ੍ਹਾਂ ਦੇ 57 ਸਾਲ ਦੇ ਪੁੱਤਰ ਰਾਜਕੁਮਾਰ ਨਾਰੂਹੀਤੋ ਜਾਪਾਨ ਦੇ ਅਗਲੇ ਸਮਰਾਟ ਬਣਨਗੇ।