ਜਾਪਾਨ ''ਚ ਐਮਰਜੰਸੀ ਦੀ ਮਿਆਦ ਵਧਾਈ ਗਈ ਮਈ ਦੇ ਆਖਿਰ ਤੱਕ

05/04/2020 6:46:50 PM

ਟੋਕੀਓ - ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸੋਮਵਾਰ ਨੂੰ ਕੋਰੋਨਾਵਾਇਰਸ ਕਾਰਨ ਲਾਗੂ ਐਮਰਜੰਸੀ ਨੂੰ ਮਈ ਦੇ ਆਖਿਰ ਤੱਕ ਵਧਾਉਣ ਦਾ ਐਲਾਨ ਕੀਤਾ। ਆਬੇ ਨੇ ਵਾਇਰਸ ਦੀ ਮੌਜੂਦਾ ਸਥਿਤੀ 'ਤੇ ਮਾਹਿਰਾਂ ਦੇ ਮੂਲਾਂਕਣ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਮੌਜੂਦਾ ਵਿਵਸਥਾ ਅੱਗੇ ਰਹਿਣੀ ਚਾਹੀਦੀ ਕਿਉਂਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤਾਂ ਦੀ ਗਿਣਤੀ ਵਿਚ ਅਜੇ ਕੋਈ ਕਮੀ ਨਹੀਂ ਆਈ ਹੈ ਅਤੇ ਹਸਪਤਾਲਾਂ ਵਿਚ ਹੁਣ ਵੀ ਸਮਰੱਥਾ ਤੋਂ ਜ਼ਿਆਦਾ ਮਰੀਜ਼ ਦਾਖਲ ਹਨ। ਉਨ੍ਹਾਂ ਆਖਿਆ ਕਿ ਜੇਕਰ ਮਈ ਦੇ ਮੱਧ ਤੱਕ ਅੰਕੜਿਆਂ ਵਿਚ ਕਮੀ ਹੁੰਦੀ ਹੈ ਤਾਂ ਪਹਿਲਾਂ ਵੀ ਐਮਰਜੰਸੀ ਦੇ ਪ੍ਰਾਵਧਾਨਾਂ ਵਿਚ ਢਿੱਲ ਦਿੱਤੀ ਜਾ ਸਕਦੀ ਹੈ।

ਇਸ ਤੋਂ ਪਹਿਲਾਂ, ਜਾਪਾਨ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਯਾਸੁਤੋਸ਼ੀ ਨਿਸ਼ੀਮੁਰਾ ਨੇ ਦੱਸਿਆ ਕਿ ਕੋਰੋਨਾਵਾਇਰਸ ਦੀ ਰੋਕਥਾਮ ਲਈ ਦੇਸ਼ ਵਿਚ ਜਾਰੀ ਐਮਰਜੰਸੀ ਨੂੰ ਇਸ ਮਹੀਨੇ ਦੇ ਆਖਿਰ ਤੱਕ ਵਧਾਉਣ ਦੀ ਯੋਜਨਾ ਦਾ ਮਾਹਿਰਾਂ ਨੇ ਸਮਰਥਨ ਕੀਤਾ ਹੈ। ਆਬੇ ਨੇ 7 ਅਪ੍ਰੈਲ ਨੂੰ ਐਮਰਜੰਸੀ ਦਾ ਐਲਾਨ ਕੀਤਾ ਸੀ। ਸ਼ੁਰੂਆਤ ਵਿਚ ਇਹ ਟੋਕੀਓ ਅਤੇ 6 ਹੋਰ ਸ਼ਹਿਰੀ ਸੂਬਿਆਂ ਵਿਚ ਲਾਗੂ ਸੀ ਪਰ ਬਾਅਦ ਵਿਚ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ਅਤੇ ਲੋਕਾਂ ਤੋਂ 80 ਫੀਸਦੀ ਤੱਕ ਸਮਾਜਿਕ ਮੇਲ-ਮਿਲਾਪ ਘੱਟ ਕਰਨ ਦੀ ਅਪੀਲ ਕੀਤੀ। ਹਾਲਾਂਕਿ, ਪ੍ਰਧਾਨ ਮੰਤਰੀ ਨੇ ਕਾਰੋਬਾਰ ਰੋਕਣ ਦੇ ਆਦੇਸ਼ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਜਾਪਾਨ ਵਿਚ ਹੁਣ ਤੱਕ ਕੋਵਿਡ-19 ਦੇ 15000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਕਰੀਬ 500 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 4000 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।ਉਥੇ ਹੀ ਜਾਪਾਨ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਇਕ ਤਿਹਾਈ ਲੋਕ ਇਕੱਲੇ ਰਾਸ਼ਟਰੀ ਰਾਜਧਾਨੀ ਟੋਕੀਓ ਵਿਚ ਹਨ।

Khushdeep Jassi

This news is Content Editor Khushdeep Jassi