ਬ੍ਰਿਟੇਨ ''ਚ ਅਮਰੀਕੀ ਨਾਗਰਿਕ ਰਹਿਣ ਚੌਕਸ : ਅਮਰੀਕੀ ਦੂਤਘਰ

07/11/2018 9:22:46 PM

ਲੰਡਨ— ਲੰਡਨ ਸਥਿਤ ਅਮਰੀਕੀ ਦੂਤਘਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬ੍ਰਿਟੇਨ ਯਾਤਰਾ ਦੌਰਾਨ ਅਮਰੀਕੀ ਨਾਗਰਿਕਾਂ ਨੂੰ ਚੌਕਸ ਤੇ ਸਾਵਧਾਨ ਰਹਿਣ ਲਈ ਕਿਹਾ ਹੈ। ਟਰੰਪ ਦੀ ਯਾਤਰਾ ਕੱਲ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਖਿਲਾਫ ਕਈ ਪ੍ਰਦਰਸ਼ਨ ਹੋਣਗੇ। ਬ੍ਰਿਟੇਨ 'ਚ ਅਮਰੀਕੀ ਰਾਸ਼ਟਰਪਤੀ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ ਹੈ ਜਿਨ੍ਹਾਂ 'ਚ ਕਈ ਮੁਸਲਿਮ ਦੇਸ਼ਾਂ 'ਤੇ ਯਾਤਰਾ ਪਾਬੰਦੀ, ਅਮਰੀਕੀ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਬੱਚਿਆਂ ਨੂੰ ਹਿਰਾਸਤ 'ਚ ਰੱਖਣਾ, ਸਟੀਲ ਤੇ ਐਲੁਮੀਨੀਅਮ ਦਰਾਮਦ 'ਤੇ ਯੂਰੋਪੀ ਸੰਘ 'ਤੇ ਟੈਕਸ ਲਗਾਉਣਾ ਸ਼ਾਮਲ ਹੈ।
ਅਜਿਹਾ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਕੱਲ ਤੋਂ ਸ਼ੁਰੂ ਹੋ ਰਹੀ ਟਰੰਪ ਦੀ ਤਿੰਨ ਦਿਨਾਂ ਯਾਤਰਾ ਦੌਰਾਨ ਕਈ ਹਿੰਸਕ ਪ੍ਰਦਰਸ਼ਨ ਹੋ ਸਕਦੇ ਹਨ। ਅਮਰੀਕੀ ਦੂਤਘਰ ਦੀ ਵੈੱਬਸਾਈਟ 'ਤੇ ਜਾਰੀ ਇਕ ਬਿਆਨ 'ਚ ਅਮਰੀਕੀ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਨੇੜੇ ਹੋਣ ਵਾਲੀਆਂ ਸਰਗਰਮੀਆਂ ਨੂੰ ਲੈ ਕੇ ਚੌਕਸ ਰਹਿਣ ਤੇ ਕਿਸੇ ਵੱਡੀ ਸਭਾ ਨੇੜੇ ਕੁਝ ਅਜ਼ੀਬ ਚੀਜ਼ ਦਿਖੇ ਤਾਂ ਸਾਵਧਾਨ ਹੋ ਜਾਣ ਕਿਉਂਕਿ ਇਹ ਖਤਰਨਾਕ ਹੋ ਸਕਦਾ ਹੈ। ਇਸ ਨੇ ਇਹ ਵੀ ਕਿਹਾ ਹੈ ਕਿ 12 ਤੋਂ 14 ਜੁਲਾਈ ਵਿਚਾਲੇ ਉਨ੍ਹਾਂ ਥਾਂਵਾਂ ਨੇੜੇ ਕਈ ਪ੍ਰਦਰਸ਼ਨ ਹੋਣੇ ਹਨ ਜਿਥੇ ਰਾਸ਼ਟਰਪਤੀ ਟਰੰਪ ਨੂੰ ਜਾਣਾ ਹੈ।