ਫਰਾਂਸ ਦੇ ਰਾਸ਼ਟਰਪਤੀ ਨੇ ''ਖਾਸ ਸੰਦੇਸ਼'' ਜ਼ਰੀਏ ਵਧਾਇਆ ਭਾਰਤ ਦਾ ਹੌਂਸਲਾ, ਦਿੱਤਾ ਮਦਦ ਦਾ ਭਰੋਸਾ

04/27/2021 5:49:32 PM

ਪੈਰਿਸ (ਬਿਊਰੋ): ਕੋਰੋਨਾ ਦੀ ਦੂਜੀ ਲਹਿਰ ਨਾਲ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੰਕਟ ਦੇ ਇਸ ਸਮੇਂ ਅੰਤਰਰਾਸ਼ਟਰੀ ਪੱਧਰ 'ਤੇ ਕਈ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆਏ ਹਨ। ਅਮਰੀਕਾ ਅਤੇ ਬ੍ਰਿਟੇਨ ਜਿਹੇ ਦੇਸ਼ਾਂ ਦੇ ਬਾਅਦ ਹੁਣ ਫਰਾਂਸ ਮਦਦ ਲਈ ਸਾਹਮਣੇ ਆਇਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਫੇਸਬੁੱਕ 'ਤੇ ਖਾਸ ਸੰਦੇਸ਼ ਲਿਖ ਕੇ ਭਾਰਤ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾਲ ਹੀ ਮਦਦ ਮੁਹੱਈਆ ਕਰਾਉਣ ਦੀ ਗੱਲ ਕਹੀ ਹੈ। 

ਰਾਸ਼ਟਰਪਤੀ ਮੈਕਰੋਂ ਨੇ ਫੇਸਬੁੱਕ 'ਤੇ ਲਿਖੇ ਇਕ ਸੰਦੇਸ਼ ਵਿਚ ਕਿਹਾ,''ਅਸੀਂ ਜਿਹੜੀ ਮਹਾਮਾਰੀ ਤੋਂ ਲੜ ਰਹੇ ਹਾਂ ਕੋਈ ਵੀ ਦੇਸ਼ ਇਸ ਤੋਂ ਬਚਿਆ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਭਾਰਤ ਇਕ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ।'' ਮੈਕਰੋਂ ਨੇ ਅੱਗੇ ਲਿਖਿਆ,''ਫਰਾਂਸ ਅਤੇ ਭਾਰਤ ਹਮੇਸ਼ਾ ਇਕਜੁੱਟ ਰਹੇ ਹਨ। ਅਸੀਂ ਆਪਣੇ ਵੱਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਦੇਣ ਵਿਚ ਜੁਟੇ ਹੋਏ ਹਾਂ। ਫਰਾਂਸ ਭਾਰਤ ਨੂੰ ਮੈਡੀਕਲ ਉਪਕਰਨ, ਵੈਂਟੀਲੇਟਰ ਅਤੇ ਆਕਸੀਜਨ ਜੈਨਰੇਟਰ ਭੇਜੇਗਾ। ਹਰੇਕ ਜੈਨਰੇਟਰ ਅੰਬੀਨਟ ਹਵਾ ਤੋਂ ਆਕਸੀਜਨ ਦਾ ਉਤਪਾਦਨ ਕਰਕੇ ਇਕ ਹਸਪਤਾਲ ਨੂੰ 10 ਸਾਲ ਤੱਕ ਆਤਮ ਨਿਰਭਰ ਬਣਾ ਸਕਦਾ ਹੈ।'' ਮੈਕਰੋਂ ਨੇ ਅੱਗੇ ਕਿਹਾ,''ਸਾਡੇ ਮੰਤਰਾਲਿਆਂ ਦੇ ਵਿਭਾਗ ਸਖ਼ਤ ਮਿਹਨਤ ਕਰ ਰਹੇ ਹਨ। ਸਾਡੀਆਂ ਫ੍ਰਾਂਸੀਸੀ ਕੰਪਨੀਆਂ ਲਾਮਬੰਦ ਹੋ ਰਹੀਆਂ ਹਨ ਅਤੇ ਉਹ ਪਹਿਲਾਂ ਤੋਂ ਵੱਧ ਗਿਣਤੀ ਵਿਚ ਮੌਜੂਦ ਹਨ। ਇਕਜੁੱਟਤਾ ਸਾਡੇ ਰਾਸ਼ਟਰ ਦੇ ਕੇਂਦਰ ਵਿਚ ਹੈ। ਇਹ ਸਾਡੇ ਦੇਸ਼ਾਂ ਵਿਚਾਲੇ ਦੋਸਤੀ ਦੇ ਕੇਂਦਰ ਵਿਚ ਹੈ। ਅਸੀਂ ਇਕੱਠੇ ਮਿਲ ਕੇ ਇਹ ਲੜਾਈ ਜਿੱਤਾਂਗੇ।'' 

ਉੱਥੇ ਭਾਰਤ ਵਿਚ ਫਰਾਂਸ ਦੇ ਰਾਜਦੂਤ ਇਮੈਨੁਅਲ ਲਿਨੈਨ ਨੇ ਰਾਸ਼ਟਰਪਤੀ ਮੈਕਰੋਂ ਦੀ ਫੇਸਬੁੱਕ ਪੋਸਟ ਨੂੰ ਸ਼ੇਅਰ ਕੀਤਾ ਅਤੇ ਲਿਖਿਆ ਕਿ ਰਾਸ਼ਟਰਪਤੀ ਮੈਕਰੋਂ ਦਾ ਸੰਦੇਸ਼ ਭਾਰਤ ਦੇ ਸਮਰਥਨ ਵਿਚ ਫਰਾਂਸ ਦੀ ਇਕਜੁੱਟਤਾ ਨੂੰ ਦਰਸਾਉਂਦਾ ਹੈ। ਭਾਰਤ ਅਤੇ ਫਰਾਂਸ ਦੀ ਦੋਸਤੀ ਦੇ ਦਿਲ ਵਿਚ ਇਕਜੁੱਟਤਾ ਹੈ। ਅਸੀਂ ਇਕੱਠੇ ਮਿਲ ਕੇ ਲੜਾਂਗੇ। ਇਸ ਤੋਂ ਪਹਿਲਾਂ ਭਾਰਤ ਵਿਚ ਫਰਾਂਸ ਦੇ ਰਾਜਦੂਤ ਲਿਨੈਨ ਨੇ ਟਵੀਟ ਕਰ ਦੇ ਦੱਸਿਆ ਸੀ ਕਿ ਫਰਾਂਸ ਭਾਰਤ ਨਾਲ ਖੜ੍ਹਾ ਹੈ। ਅਗਲੇ ਕੁਝ ਦਿਨਾਂ ਵਿਚ ਫਰਾਂਸ ਨਾ ਸਿਰਫ ਤੁਰੰਤ ਮਦਦ ਭੇਜੇਗਾ ਸਗੋਂ ਲੰਬੀ ਮਿਆਦ ਦੀ ਸਮਰੱਥਾ ਵਾਲੀ ਮਦਦ ਦੇਵੇਗਾ। 

ਪੜ੍ਹੋ ਇਹ ਅਹਿਮ ਖਬਰ- ਯੂਕੇ ਨੇ ਕੋਰੋਨਾ ਸਹਾਇਤਾ ਵਜੋਂ ਵੈਂਟੀਲੇਟਰ, ਆਕਸੀਜਨ ਆਦਿ ਸਮਾਨ ਕੀਤਾ ਭਾਰਤ ਲਈ ਰਵਾਨਾ

ਫ੍ਰਾਂਸੀਸੀ ਰਾਜਦੂਤ ਨੇ ਦੱਸਿਆ ਕਿ ਫਰਾਂਸ ਭਾਰਤ ਨੂੰ 7 ਉੱਚ ਸਮਰੱਥਾ ਵਾਲਾ ਆਕਸੀਜਨ ਜੈਨਰੇਟਰ ਮੁਹੱਈਆ ਕਰਾ ਰਿਹਾ ਹੈ, ਜਿਸ ਵਿਚ ਹਰੇਕ ਜੈਨਰੇਟਰ ਸਾਲਾਂ ਤੱਕ 250 ਬੈੱਡਾਂ ਲਈ ਆਕਸੀਜਨ ਤਿਆਰ ਕਰੇਗਾ। ਪੰਜ ਦਿਨ ਲਈ 2000 ਮਰੀਜ਼ਾਂ ਦੇ ਲਿਕਵਿਡ ਆਕਸੀਜਨ ਦੀ ਸਪਲਾਈ ਨੂੰ ਵੀ ਪੂਰਾ ਕਰੇਗਾ। ਇਸ ਦੇ ਇਲਾਵਾ ਫਰਾਂਸ ਭਾਰਤ ਨੂੰ 28 ਵੈਂਟੀਲੇਟਰ ਅਤੇ ਆਈ.ਸੀ.ਯੂ. ਲਈ ਉਪਕਰਨ ਮੁਹੱਈਆ ਕਰਾਏਗਾ। ਰਾਜਦੂਤ ਲਿਨੈਨ ਨੇ ਦੱਸਿਆ ਕਿ ਰਾਸ਼ਟਰਪਤੀ ਮੈਕਰੋਂ ਦੀ ਅਪੀਲ 'ਤੇ ਸ਼ੁਰੂ ਕੀਤੇ ਗਏ ਇਸ ਵੱਡੇ ਇਕਜੁੱਟਤਾ ਮਿਸ਼ਨ ਨੂੰ ਭਾਰਤ ਅਤੇ ਯੂਰਪੀ ਸੰਘ ਵਿਚ ਮੌਜੂਦ ਫ੍ਰਾਂਸੀਸੀ ਕੰਪਨੀਆਂ ਦਾ ਸਮਰਥਨ ਹਾਸਲ ਹੈ। ਇਸ ਦਾ ਉਦੇਸ਼ ਐਮਰਜੈਂਸੀ ਵਿਚ ਪ੍ਰਤੀਕਿਰਿਆ ਦੇਣਾ ਅਤੇ ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਨੂੰ ਲੰਬੇ ਸਮੇਂ ਦੀ ਮਿਆਦ ਵਾਲੀ ਮਦਦ ਨੂੰ ਵਧਾਵਾ ਦੇਣਾ ਹੈ।

ਨੋਟ- ਫਰਾਂਸ ਦੇ ਰਾਸ਼ਟਰਪਤੀ ਨੇ 'ਖਾਸ ਸੰਦੇਸ਼' ਜ਼ਰੀਏ ਵਧਾਇਆ ਭਾਰਤ ਦਾ ਹੌਂਸਲਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana