ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਅੱਗੇ ਆਏ ਐਲਨ ਮਸਕ, ਕੀਤੀ ਇਹ ਪੇਸ਼ਕਸ਼

03/19/2020 9:56:18 PM

ਵਾਸ਼ਿੰਗਟਨ- ਦੁਨੀਆਭਰ ਵਿਚ ਕੋਰੋਨਾਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਮਰੀਕਾ ਵਿਚ ਵੀ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਅਮਰੀਕਾ ਵਿਚ ਹੁਣ ਤੱਕ 10 ਹਜ਼ਾਰ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਣਣੇ ਆ ਚੁੱਕੇ ਹਨ ਤੇ 160 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ ਵਿਗੜਦੇ ਹਾਲਾਤਾਂ ਦੇ ਵਿਚਾਲੇ ਸਪੇਸ ਐਕਸ ਦੇ ਫਾਊਂਡਰ ਤੇ ਟੈਸਲਾ ਦੇ ਸੀਈਓ ਐਲਨ ਮਸਕ ਨੇ ਵੱਡੀ ਪੇਸ਼ਕਸ਼ ਕਰਦਿਆਂ ਕਿਹਾ ਹੈ ਕਿ ਲੋੜ ਪੈਣ 'ਤੇ ਉਹ ਵੈਂਟੀਲੇਟਰ ਬਣਾ ਸਕਦੇ ਹਨ।

ਕੋਰੋਨਾਵਾਇਰਸ ਮਹਾਮਾਰੀ, ਜੋ ਕਿ ਫੇਫੜਿਆਂ 'ਤੇ ਸਭ ਤੋਂ ਪਹਿਲਾਂ ਹਮਲਾ ਕਰਦੀ ਹੈ, ਬਾਰੇ ਸਭ ਤੋਂ ਵੱਡੀ ਚਿੰਤਾ ਬੀਮਾਰ ਮਰੀਜ਼ਾਂ ਦੇ ਇਲਾਜ ਦੌਰਾਨ ਵੈਂਟੀਲੇਟਰ ਦੀ ਰਹਿੰਦੀ ਹੈ। ਜੇਕਰ ਇਟਲੀ ਵਿਚ ਹੋਈਆਂ ਮੌਤਾਂ ਨੂੰ ਦੇਖਿਆ ਜਾਵੇ ਤਾਂ ਇਹ ਇਕ ਜਾਇਜ਼ ਚਿੰਤਾ ਹੈ। ਅਮਰੀਕੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਾਸ਼ਟਰ ਕੋਲ 10,000 ਤੋਂ ਵਧ ਵੈਂਟੀਲੇਟਰ ਮਸ਼ੀਨਾਂ ਹਨ ਪਰ ਰਾਸ਼ਟਰਪਤੀ ਟਰੰਪ ਨੇ ਹਾਲ ਹੀ ਵਿਚ ਟਵਿੱਟਰ 'ਤੇ ਇਹ ਵੀ ਬਿਆਨ ਜਾਰੀ ਕੀਤਾ ਸੀ ਕਿ ਲੋਕਾਂ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਣ ਲਈ ਮਹੱਤਵਪੂਰਨ ਯੰਤਰਾਂ ਨੂੰ ਖਰੀਦਣਾ ਸੂਬਿਆਂ ਦੀ ਜ਼ਿੰਮੇਦਾਰੀ ਬਣਦੀ ਹੈ।

ਪਿਛਲੇ ਕੁਝ ਦਿਨਾਂ ਤੋਂ ਇਸ ਮਹੱਤਵਪੂਰਨ ਲੋੜ ਨੂੰ ਪੂਰਾ ਕਰਨ ਦੀਆਂ ਆਵਾਜ਼ਾਂ ਲਗਾਤਾਰ ਉੱਠ ਰਹੀਆਂ ਹਨ। ਲੋਕਾਂ ਦੀ ਇਸੇ ਪੁਕਾਰ ਦਾ ਜਵਾਬ ਦਿੰਦਿਆਂ ਬੁੱਧਵਾਰ ਨੂੰ ਰਾਕੇਟ ਤੇ ਇਲੈਕਟ੍ਰਿਕ ਕਾਰ ਬਾਜ਼ਾਰ ਦੇ ਅਰਬਪਤੀ ਨੇ ਸਥਿਤੀ ਦੀ ਗੰਭੀਰਤਾ ਨੂੰ ਘਟਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸਰਕਾਰ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ ਕਿ ਵੈਂਟੀਲੇਟਰ ਬਣਾਏ ਜਾ ਸਕਦੇ ਹਨ ਜੇਕਰ ਇਸ ਦੀ ਕਮੀ ਹੁੰਦੀ ਹੈ।


Baljit Singh

Content Editor

Related News