ਪਾਕਿਸਤਾਨ ’ਚ ਟਲ ਸਕਦੀਆਂ ਹਨ ਚੋਣਾਂ, ਪੀ. ਐੱਮ. ਸ਼ਹਿਬਾਜ਼ ਨੇ ਦਿੱਤੇ ਸੰਕੇਤ

08/04/2023 10:24:39 PM

ਇਸਲਾਮਾਬਾਦ (ਅਨਸ)–ਪਾਕਿਸਤਾਨ ਸਰਕਾਰ 90 ਦਿਨਾਂ ਅੰਦਰ ਚੋਣਾਂ ਕਰਵਾਉਣ ਲਈ ਇਕ ਅੰਤਰਿਮ ਵਿਵਸਥਾ ਲਿਆਉਣ ਦੀ ਤਿਆਰੀ ਕਰ ਰਹੀ ਹੈ ਪਰ ਇਸ ਦੌਰਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਚੋਣਾਂ ਵਿਚ ਦੇਰੀ ਦਾ ਸੰਕੇਤ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਗਠਜੋੜ ਸਹਿਯੋਗੀਆਂ ਦਰਮਿਆਨ ਤਰੇੜ ਆ ਗਈ ਹੈ।

ਵੱਖ-ਵੱਖ ਸੋਸ਼ਲ ਮੀਡੀਆ ਪੋਸਟਸ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ. ਐੱਮ. ਐੱਲ.-ਐੱਨ.) ਪਾਰਟੀ ਅਤੇ ਉਸ ਦੇ ਪ੍ਰਮੁੱਖ ਗੱਠਜੋੜ ਸਹਿਯੋਗੀ ਪਾਕਿਸਤਾਨ ਪੀਪੁਲਜ਼ ਪਾਰਟੀ (ਪੀ. ਪੀ. ਪੀ.) ਦਰਮਿਆਨ ਗੱਲਬਾਤ ਅਤੇ ਬੰਦ ਦਰਵਾਜ਼ੇ ਅੰਦਰ ਸਲਾਹ ਦੀ ਕਮੀ ਨੂੰ ਉਜਾਗਰ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਚੋਣਾਂ ਸਿਰਫ 2023 ਦੀ ਡਿਜੀਟਲ ਮਰਦਮਸ਼ੁਮਾਰੀ ਦੇ ਆਧਾਰ ’ਤੇ ਹੋਣਗੀਆਂ, ਜੋ 8 ਮਹੀਨੇ ਤੋਂ ਇਕ ਸਾਲ ਦਰਮਿਆਨ ਦੀ ਦੇਰੀ ਵੱਲ ਇਸ਼ਾਰਾ ਕਰਦਾ ਹੈ।

ਇਕ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਨਵੀਂ ਮਰਦਮਸ਼ੁਮਾਰੀ ਦੇ ਆਧਾਰ ’ਤੇ ਚੋਣਾਂ ਕਰਵਾਉਣੀਆਂ ਪੈਣਗੀਆਂ। ਜਦੋਂ ਮਰਦਮਸ਼ੁਮਾਰੀ ਹੋ ਜਾਵੇਗੀ ਤਾਂ ਉਸ ਦੇ ਆਧਾਰ ’ਤੇ ਚੋਣਾਂ ਹੋਣੀਆਂ ਚਾਹੀਦੀਆਂ ਹਨ। ਸ਼ਰੀਫ ਦੀਆਂ ਟਿੱਪਣੀਆਂ ਨੇ ਵਿਆਪਕ ਬਹਿਸ ਛੇੜ ਦਿੱਤੀ ਹੈ ਕਿਉਂਕਿ ਪੀ. ਪੀ. ਪੀ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਜਿਹੇ ਕਿਸੇ ਵੀ ਫੈਸਲੇ ਦੀ ਹਮਾਇਤ ਨਹੀਂ ਕਰੇਗੀ, ਜਿਸ ਦੇ ਨਤੀਜੇ ਵਜੋਂ ਚੋਣਾਂ ਵਿਚ ਦੇਰੀ ਹੋਵੇ।

ਪੀ. ਪੀ. ਪੀ. ਦੇ ਸੀਨੀਅਰ ਨੇਤਾ ਨਵਾਜ਼ ਮੁਹੰਮਦ ਯੂਸੁਫ ਤਾਲਪੁਰ ਨੇ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਇਸ ਵਿਸ਼ੇ ’ਤੇ ਇਕ ਰੁਖ ਅਪਣਾ ਲਿਆ ਹੈ ਕਿ ਨਵੀਂ ਹੱਦਬੰਦੀ ਨਾਲ ਆਮ ਚੋਣਾਂ ਕਰਵਾਉਣ ਵਿਚ ਦੇਰੀ ਹੋਵੇਗੀ ਅਤੇ ਇਸ ਕਾਰਨ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਹੈ। ਇਸੇ ਦੌਰਾਨ ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐੱਮ. ਕਿਊ. ਐੱਮ.-ਪੀ.) ਨੇ ਵੀ ਪੁਰਾਣੀ ਮਰਦਮਸ਼ੁਮਾਰੀ ਦੇ ਆਧਾਰ ’ਤੇ ਚੋਣਾਂ ਕਰਵਾਉਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ।

ਐੱਮ. ਕਿਊ. ਐੱਮ.-ਪੀ. ਦੇ ਸੀਨੀਅਰ ਨੇਤਾ ਮੁਸਤਫਾ ਕਮਾਲ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਮਾਮਲੇ ਨੂੰ ਪ੍ਰਧਾਨ ਮੰਤਰੀ ਦੇ ਸਾਹਮਣੇ ਉਠਾ ਚੁੱਕੇ ਹਨ। ਸਾਡਾ ਮੰਨਣਾ ਹੈ ਕਿ ਚੋਣਾਂ ਸਿਰਫ ਨਵੀਂ ਹੱਦਬੰਦੀ ਮੁਤਾਬਕ ਹੋਣੀਆਂ ਚਾਹੀਦੀਆਂ ਹਨ, ਜੋ ਡਿਜੀਟਲ ਮਰਦਮਸ਼ੁਮਾਰੀ ਤੋਂ ਬਾਅਦ ਹੀ ਸੰਭਵ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੁਰਾਣੀ ਮਰਦਮਸ਼ੁਮਾਰੀ ਮੁਤਾਬਕ ਚੋਣਾਂ ਕਰਵਾਉਂਦੀ ਹੈ ਤਾਂ ਇਸ ਨਾਲ ਲੱਖਾਂ ਲੋਕ ਪੋਲਿੰਗ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ।
 

Manoj

This news is Content Editor Manoj