ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਫਰਵਰੀ ਦੇ ਅੱਧ ਤੱਕ ਆਮ ਚੋਣਾਂ ਕਰਵਾਉਣ ਦਾ ਦਿੱਤਾ ਭਰੋਸਾ

08/31/2023 4:42:40 PM

ਇਸਲਾਮਾਬਾਦ (ਭਾਸ਼ਾ)-  ਪਾਕਿਸਤਾਨ ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਖਦਸ਼ਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਰਾਜਨੀਤਿਕ ਪਾਰਟੀਆਂ ਨੂੰ ਭਰੋਸਾ ਦਿੱਤਾ ਹੈ ਕਿ ਆਮ ਚੋਣਾਂ ਜਨਵਰੀ ਦੇ ਅੰਤ ਜਾਂ ਫਰਵਰੀ ਦੇ ਅੱਧ ਤੱਕ ਕਰਾਈਆਂ ਜਾਣਗੀਆਂ। ਡਾਨ ਅਖ਼ਬਾਰ ਨੇ ਵੀਰਵਾਰ ਨੂੰ ਰਿਪੋਰਟ ਦਿੱਤੀ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਅਵਾਮੀ ਨੈਸ਼ਨਲ ਪਾਰਟੀ (ਏ.ਐੱਨ.ਪੀ.) ਦੇ ਨੇਤਾਵਾਂ ਨੂੰ ਇਹ ਭਰੋਸਾ ਦਿੱਤਾ ਹੈ। ਬੁੱਧਵਾਰ ਨੂੰ ਏ.ਐੱਨ.ਪੀ. ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਸੁਲਤਾਨ ਰਾਜਾ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਏ.ਐੱਨ.ਪੀ. ਦੇ ਵਫ਼ਦ ਦੀ ਅਗਵਾਈ ਉਸ ਦੇ ਜਨਰਲ ਸਕੱਤਰ ਇਫ਼ਤਿਕਾਰ ਹੁਸੈਨ ਨੇ ਕੀਤੀ ਅਤੇ ਪਾਰਟੀ ਦੇ ਬੁਲਾਰੇ ਜ਼ਾਹਿਦ ਖਾਨ ਅਤੇ ਪਾਰਟੀ ਆਗੂ ਖੁਸ਼ਦਿਲ ਖਾਨ ਅਤੇ ਅਬਦੁਲ ਰਹੀਮ ਵਜ਼ੀਰ ਉਸ ਦੇ ਹੋਰ ਮੈਂਬਰ ਸਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੂੰ 9 ਅਗਸਤ ਨੂੰ ਭੰਗ ਕਰ ਦਿੱਤਾ ਗਿਆ ਸੀ। ਨੈਸ਼ਨਲ ਅਸੈਂਬਲੀ ਭੰਗ ਹੋਣ ਤੋਂ ਬਾਅਦ 90 ਦਿਨਾਂ ਦੀ ਨਿਰਧਾਰਤ ਮਿਆਦ ਦੇ ਅੰਦਰ ਚੋਣਾਂ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਅਗਸਤ ਦੇ ਅੱਧ ਵਿੱਚ ਅਨਵਰ-ਉਲ-ਹੱਕ ਕੱਕੜ ਨੂੰ ਨਵੀਆਂ ਚੋਣਾਂ ਹੋਣ ਤੱਕ ਦੇਸ਼ ਨੂੰ ਚਲਾਉਣ ਲਈ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਪਰ ਚੋਣ ਕਮਿਸ਼ਨ ਨੇ ਨਵੀਂ ਜਨਗਣਨਾ ਦੇ ਆਧਾਰ 'ਤੇ ਹਲਕਿਆਂ ਦੀ ਨਵੇਂ ਸਿਰੇ ਤੋਂ ਹੱਦਬੰਦੀ ਕਰਨ ਦਾ ਫੈਸਲਾ ਕੀਤਾ, ਜਿਸ ਕਾਰਨ ਆਮ ਚੋਣਾਂ 'ਚ ਦੇਰੀ ਹੋਣ ਦੀ ਸੰਭਾਵਨਾ ਬਣ ਗਈ।

ਚੋਣ ਦੇ ਰੋਡਮੈਪ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਕਮਿਸ਼ਨ ਅਤੇ ਏ.ਐੱਨ.ਪੀ. ਦੇ ਨੁਮਾਇੰਦਿਆਂ ਦਰਮਿਆਨ ਹੋਈ ਮੀਟਿੰਗ ਦੌਰਾਨ ਏ.ਐੱਨ.ਪੀ. ਨੇ ਬੇਨਤੀ ਕੀਤੀ ਕਿ ਜੇਕਰ 90 ਦਿਨਾਂ ਦੇ ਅੰਦਰ ਚੋਣਾਂ ਕਰਵਾਉਣਾ ਵਿਹਾਰਕ ਨਹੀਂ ਹੈ, ਤਾਂ ਘੱਟੋ ਘੱਟ ਉਨ੍ਹਾਂ ਨੂੰ ਚੋਣਾਂ ਦੀ ਤਾਰੀਖ਼ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਾਵੇ। ਪਾਕਿਸਤਾਨ ਪੀਪਲਜ਼ ਪਾਰਟੀ ਨੇ ਵੀ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਦੂਰ ਕਰਨ ਲਈ ਇਕ ਦਿਨ ਪਹਿਲਾਂ ਅਜਿਹੀ ਹੀ ਮੰਗ ਕੀਤੀ ਸੀ। ਈ.ਸੀ.ਪੀ. ਨੂੰ ਮਿਲਣ ਤੋਂ ਬਾਅਦ, ਹੁਸੈਨ ਨੇ ਕਿਹਾ ਕਿ ਕਮਿਸ਼ਨ ਨੇ ਫਰਵਰੀ ਦੇ ਅੱਧ ਵਿੱਚ ਚੋਣਾਂ ਕਰਵਾਉਣ ਲਈ ਆਪਣੀ ਤਿਆਰੀ ਦੱਸੀ ਹੈ ਅਤੇ ਹਲਕਿਆਂ ਦੀ ਹੱਦਬੰਦੀ ਦੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ।

cherry

This news is Content Editor cherry