ਫਰਿਜ਼ਨੋ ਵਿਖੇ ''ਸੀਨੀਅਰ ਨਾਈਟ ਪ੍ਰੋਗਰਾਮ'' ਦੌਰਾਨ ਬਜ਼ੁਰਗਾਂ ਨੂੰ ਦਿੱਤਾ ਸਨਮਾਨ

03/05/2019 7:51:51 AM

ਫਰਿਜ਼ਨੋ, (ਨੀਟਾ ਮਾਛੀਕੇ )— ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਪਰਿਵਾਰਾਂ ਕੋਲ ਇੱਕ-ਦੂਜੇ ਨੂੰ ਦੇਣ ਲਈ ਸਮਾਂ ਬਹੁਤ ਘੱਟ ਹੈ। ਇਸ ਘੱਟ ਸਮੇਂ ਵਿੱਚ ਸਾਡੇ ਬਜ਼ੁਰਗ ਕਿਤੇ ਨਾ ਕਿਤੇ ਆਪਣੇ-ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਇਸੇ ਕਰਕੇ ਉੱਘੀਆਂ ਸਮਾਜ ਸੇਵੀ ਜੁਗਨੂੰ ਭੰਡਾਲ, ਗੁਰਿੰਦਰ ਕੌਰ ਭੰਡਾਲ, ਰੂਬੀ ਸਰਾਂ ਅਤੇ ਇਨ੍ਹਾਂ ਦੇ ਪੂਰੇ ਗਰੁੱਪ ਨੇ ਇੱਕ 'ਸੀਨੀਅਰ ਨਾਈਟ' ਨਾਮੀ ਪ੍ਰੋਗਰਾਮ ਦਾ ਆਯੋਜਨ ਫਰਿਜ਼ਨੋ ਵਿਖੇ ਕੀਤਾ, ਜਿਸ ਵਿੱਚ ਬਜ਼ੁਰਗ ਔਰਤਾਂ ਅਤੇ ਮਰਦ ਇੱਕ ਟੇਬਲ ਦੇ ਬੈਠ ਕੇ ਆਪਣੇ ਦੁੱਖ-ਸੁੱਖ ਸਾਂਝੇ ਕਰਦੇ ਨੇ ਅਤੇ ਬਜ਼ੁਰਗਾਂ ਦੇ ਚਿਹਰੇ 'ਤੇ ਹਾਸੇ ਲਿਆਉਣ ਲਈ ਰੌਚਿਕ ਖੇਡਾਂ ਵੀ ਖਿਡਾਈਆ ਜਾਂਦੀਆਂ ਹਨ।

ਬੀਤੀ ਰਾਤ ਇਹ ਪ੍ਰੋਗ੍ਰਾਮ ਗੁਰਦਵਾਰਾ ਸਿੰਘ ਸਭਾ ਦੇ ਲੰਗਰ ਹਾਲ ਵਿੱਚ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਨੇ ਪਹੁੰਚ ਕੇ ਇਸ ਸੀਨੀਅਰ ਨਾਈਟ  ਦਾ ਅਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਜੁਗਨੂੰ ਭੰਡਾਲ ਨੇ ਸਭਨਾਂ ਨੂੰ ਨਿੱਘੀ 'ਜੀ ਆਇਆ' ਆਖ ਕੇ ਕੀਤੀ। ਇਸ ਮੌਕੇ ਉਨ੍ਹਾਂ ਵੈਲਨਟਾਈਨ ਡੇਅ ਦਾ ਮਤਲਬ ਸਮਝਾਇਆ ਕਿ ਇਹ ਸਿਰਫ ਮਰਦ ਔਰਤ ਦੇ ਪਿਆਰ ਨੂੰ ਦਰਸਾਉਣ ਲਈ ਦਿਨ ਨਹੀਂ ਬਣਾਇਆ ਗਿਆ, ਬਲਕਿ ਇਹ ਹਰ ਰਿਸ਼ਤੇ ਦੇ ਪਿਆਰ ਦੀ ਬਾਤ ਪਾਉਂਦਾ ਹੈ, ਜਿਵੇਂ ਮਾਂ-ਪੁੱਤ ਦਾ ਪਿਆਰ , ਭੈਣ-ਭਾਈ ਦਾ ਪਿਆਰ, ਮੀਆਂ-ਬੀਵੀ ਦਾ ਪਿਆਰ ਆਦਿ। 

ਇਸ ਮੌਕੇ ਬਜ਼ੁਰਗਾਂ ਨੇ ਆਪਣੀ ਮਨਪਸੰਦ ਖੇਡ 'ਬਿੰਗੋ' ਦਾ ਖ਼ੂਬ ਲੁਤਫ਼ ਲਿਆ। ਇਸ ਮੌਕੇ ਜੇਤੂ ਬਜ਼ੁਰਗਾਂ ਨੂੰ ਇਨਾਮ ਵੀ ਦਿੱਤੇ ਗਏ। ਬਜ਼ੁਰਗਾਂ ਦੀਆਂ ਔਕੜਾਂ ਸੁਣਨ ਲਈ ਮੈਡੀਕਲ ਡਿਪਾਰਟਮੈਂਟ ਤੋਂ ਵੀ ਕਰਮਚਾਰੀ ਖ਼ਾਸ ਤੌਰ 'ਤੇ ਪਹੁੰਚੇ ਹੋਏ ਸਨ। ਇਸ ਮੌਕੇ ਲੰਗਰ ਵੀ ਲਗਾਇਆ ਗਿਆ। ਬਜ਼ੁਰਗਾਂ ਨੇ ਬੱਚਿਆਂ ਨੂੰ ਅਸੀਸਾਂ ਦਿੰਦੇ ਆਖਿਆ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਨੇ ਬਹੁਤ ਖੁਸ਼ੀ ਦਿੱਤੀ ਹੈ।