ਪਰਿਵਾਰ ਸਮੇਤ ਜਹਾਜ਼ 'ਚ ਚੜ੍ਹੀ ਬੇਬੇ ਨੇ ਕੀਤੀ ਅਜਿਹੀ ਹਰਕਤ ਕਿ ਲੋਕਾਂ ਨੂੰ ਯਾਦ ਕਰਾ 'ਤੀ ਨਾਨੀ

06/28/2017 10:08:17 AM

ਬੀਜਿੰਗ— ਬਹੁਤ ਸਾਰੇ ਲੋਕ ਅੰਧ ਵਿਸ਼ਵਾਸੀ ਹੁੰਦੇ ਹਨ ਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਅਜੀਬ ਹਰਕਤਾਂ ਦਾ ਹਰਜਾਨਾ ਹੋਰਾਂ ਨੂੰ ਭਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਚੀਨ 'ਚ ਦੇਖਣ ਨੂੰ ਮਿਲਿਆ ਹੈ। ਇੱਥੇ ਅੰਧਵਿਸ਼ਵਾਸ ਕਾਰਨ 80 ਸਾਲਾ ਇਕ ਔਰਤ ਨੇ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਗੁੱਡਲੱਕ ਲਈ ਕੁੱਝ ਸਿੱਕੇ ਇੰਜਣ ਵੱਲ ਸੁੱਟੇ, ਜਿਨ੍ਹਾਂ 'ਚੋਂ ਇਕ ਸਿੱਕਾ ਇੰਜਣ 'ਚ ਫਸ ਗਿਆ। ਪੁਲਸ ਨੂੰ ਇਸ ਦੀ ਭਾਲ ਤੇ ਜਾਂਚ ਕਰਨ 'ਚ ਕਾਫੀ ਸਮਾਂ ਲੱਗਾ ਤੇ ਯਾਤਰੀਆਂ ਨੂੰ ਲੰਬੀ ਉਡੀਕ ਕਰਨੀ ਪਈ। 'ਚਾਈਨਾ ਸਰਦਨ ਏਅਰਲਾਈਨਜ਼' ਨੇ ਇਹ ਸਭ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਦੱਸਿਆ। ਪੁਲਸ ਨੇ ਔਰਤ ਕੋਲੋਂ ਪੁੱਛ-ਪੜਤਾਲ ਕੀਤੀ। ਔਰਤ ਨੇ ਦੱਸਿਆ ਕਿ ਉਹ ਆਪਣੀ ਧੀ, ਜਵਾਈ ਤੇ ਆਪਣੇ ਪਤੀ ਨਾਲ ਸਫਰ ਕਰਨ ਜਾ ਰਹੀ ਹੈ, ਇਸ ਲਈ ਸੁਰੱਖਿਅਤ ਯਾਤਰਾ ਲਈ ਹੀ ਉਸ ਨੇ ਅਜਿਹਾ ਕੀਤਾ ਹੈ। 


ਪੁਲਸ ਨੂੰ ਬਾਕੀ ਸਿੱਕੇ ਤਾਂ ਮਿਲ ਗਏ ਪਰ ਇਕ ਸਿੱਕਾ ਜਹਾਜ਼ ਦੇ ਇੰਜਣ 'ਚ ਚਲਾ ਗਿਆ। ਇਸ ਕਾਰਨ ਜਹਾਜ਼ 'ਚ ਸਵਾਰ 150 ਯਾਤਰੀਆਂ ਨੂੰ ਉਤਾਰਨਾ ਪਿਆ ਤੇ ਜਹਾਜ਼ ਰਵਾਨਾ ਹੋਣ 'ਚ ਕਈ ਘੰਟਿਆਂ ਦੀ ਦੇਰੀ ਹੋ ਗਈ। ਲੋਕਾਂ ਨੇ ਕਿਹਾ ਕਿ ਇਸ ਔਰਤ ਦੀਆਂ ਹਰਕਤਾਂ ਕਾਰਨ ਉਨ੍ਹਾਂ ਨੂੰ ਉਸ 'ਤੇ ਸ਼ੱਕ ਹੋ ਗਿਆ। ਪੁਲਸ ਨੇ ਲੰਬੇ ਸਮੇਂ ਤਕ ਜਾਂਚ ਕੀਤੀ। ਲੋਕਾਂ ਨੇ ਇਸ ਗੱਲ 'ਤੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਉਨ੍ਹਾਂ ਕਿਹਾ,''ਦਾਦੀ ਅੰਮਾ, ਇਹ ਕੋਈ ਮੁਰਾਦ ਪੂਰੀ ਕਰਨ ਵਾਲਾ ਫੁਆਰਾ ਨਹੀਂ ਹੈ, ਜਿਸ 'ਚ ਕੱਛੂਕੰਮੇ ਹੁੰਦੇ ਹਨ।'' ਜਾਂਚ ਮਗਰੋਂ ਪਤਾ ਲੱਗਾ ਕਿ ਇਹ ਬੇਬੇ ਬੁੱਧ ਧਰਮ 'ਚ ਵਿਸ਼ਵਾਸ ਰੱਖਦੀ ਹੈ। ਉਂਝ ਭਾਰਤ 'ਚ ਵੀ ਬਹੁਤ ਸਾਰੇ ਲੋਕ ਸਫਰ ਕਰਨ ਦੌਰਾਨ ਪਾਣੀ ਜਾਂ ਨਦੀ 'ਚ ਸਿੱਕੇ ਸੁੱਟਦੇ ਹਨ।