ਚੀਨ ਖਿਲਾਫ ਅਮਰੀਕਾ ਸਮੇਤ 8 ਦੇਸ਼ਾਂ ਨੇ ਬਣਾਇਆ ਅਲਾਇੰਸ

06/06/2020 8:36:51 PM

ਵਾਸ਼ਿੰਗਟਨ - ਕੋਰੋਨਾਵਾਇਰਸ, ਸਾਊਥ ਚਾਈਨਾ-ਸੀ ਅਤੇ ਹਾਂਗਕਾਂਗ ਨੂੰ ਲੈ ਕੇ ਚੀਨ ਪੂਰੀ ਦੁਨੀਆ ਦੇ ਨਿਸ਼ਾਨੇ 'ਤੇ ਹੈ। ਉਥੇ, ਭਾਰਤ ਦੇ ਨਾਲ ਲੱਦਾਖ ਸਰਹੱਦ 'ਤੇ ਜਾਰੀ ਤਣਾਅ 'ਤੇ ਵੀ ਦੁਨੀਆ ਦੀ ਨਜ਼ਰ ਹੈ। ਅਜਿਹੇ ਵਿਚ ਅਮਰੀਕਾ ਸਮੇਤ 8 ਦੇਸ਼ਾਂ ਨੇ ਚੀਨ ਦੀ ਮੌਜੂਦਗੀ ਨੂੰ ਗਲੋਬਲ ਵਪਾਰ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਲਈ ਖਤਰਾ ਮੰਨਦੇ ਹੋਏ ਇਕ ਅਲਾਇੰਸ ਬਣਾਇਆ ਹੈ। ਉਥੇ, ਇਸ ਇੰਟਰ-ਪਾਰਲਾਮੈਂਟਰੀ ਅਲਾਇੰਸ ਆਨ ਚਾਈਨਾ (ਆਈ. ਪੀ. ਏ. ਸੀ.) ਨੂੰ ਚੀਨ ਵਿਚ ਫਰਜ਼ੀ ਦੱਸਿਆ ਜਾ ਰਿਹਾ ਹੈ। ਚੀਨ ਵੱਲੋਂ ਆਖਿਆ ਗਿਆ ਹੈ ਕਿ 20ਵੀਂ ਸਦੀ ਦੀ ਤਰ੍ਹਾਂ ਉਸ ਨੂੰ ਹੁਣ ਪਰੇਸ਼ਾਨ ਨਹੀਂ ਕੀਤਾ ਜਾ ਸਕੇਗਾ ਅਤੇ ਪੱਛਮ ਦੇ ਨੇਤਾਵਾਂ ਨੰ ਕੋਲਡ ਵਾਰ ਵਾਲੀ ਸੋਚ ਤੋਂ ਬਾਹਰ ਆ ਜਾਣਾ ਚਾਹੀਦਾ ਹੈ।

ਇਕੱਠੇ ਚੀਨ ਨੂੰ ਜਵਾਬ ਦੇਣ ਦੀ ਪਹਿਲ
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਆਈ. ਪੀ. ਏ. ਸੀ. ਨੂੰ ਲਾਂਚ ਕੀਤਾ ਗਿਆ ਸੀ। ਇਸ ਵਿਚ ਅਮਰੀਕਾ, ਜਰਮਨੀ, ਬਿ੍ਰਟੇਨ, ਜਾਪਾਨ, ਆਸਟ੍ਰੇਲੀਆ, ਕੈਨੇਡਾ, ਸਵੀਡਨ, ਨਾਰਵੇ ਅਤੇ ਯੂਰਪ ਦੀ ਸੰਸਦ ਦੇ ਮੈਂਬਰ ਸ਼ਾਮਲ ਹਨ। ਇਸ ਦੇ ਮੁਤਾਬਕ ਚੀਨ ਨਾਲ ਜੁੜੇ ਹੋਏ ਮੁੱਦਿਆਂ 'ਤੇ ਸਰਗਰਮਤਾ ਨਾਲ ਰਣਨੀਤੀ ਬਣਾ ਕੇ ਸਹਿਯੋਗ ਦੇ ਨਾਲ ਉਚਿਤ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਚੀਨ ਦੇ ਆਲੋਚਕ ਅਤੇ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਸੈਨੇਟਰ ਮਾਰਕੋ ਰੂਬੀਓ ਆਈ. ਪੀ. ਏ. ਸੀ. ਦੇ ਉਪ-ਪ੍ਰਧਾਨਾਂ ਵਿਚੋਂ ਇਕ ਹਨ।

ਚੁਕਾਉਣੀ ਪੈਂਦੀ ਹੈ ਕੀਮਤ
ਰੂਬੀਓ ਨੇ ਕਿਹਾ ਹੈ ਕਿ ਕਮਿਊਨਿਸਟ ਪਾਰਟੀ ਦੇ ਰਾਜ ਵਿਚ ਚੀਨ ਗਲੋਬਲ ਚੁਣੌਤੀ ਪੇਸ਼ ਕਰ ਰਿਹਾ ਹੈ। ਅਲਾਇੰਸ ਦਾ ਇਹ ਵੀ ਆਖਣਾ ਹੈ ਕਿ ਚੀਨ ਖਿਲਾਫ ਖੜ੍ਹੇ ਹੋਣ ਵਾਲੇ ਦੇਸ਼ਾਂ ਨੂੰ ਅਕਸਰ ਇਕੱਲਾ ਰਹਿਣਾ ਪੈਂਦਾ ਹੈ ਅਤੇ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ਵਿਚ ਤਣਾਅ ਵੱਧਦਾ ਜਾ ਰਿਹਾ ਹੈ, ਜਿਸ ਦਾ ਅਸਰ ਦੋਹਾਂ ਦੇ ਟ੍ਰੇਡ ਅਤੇ ਟ੍ਰੈਵਲ ਸਬੰਧਾਂ 'ਤੇ ਵੀ ਦਿੱਖਣ ਲੱਗਾ ਹੈ।

Khushdeep Jassi

This news is Content Editor Khushdeep Jassi