ਮਿਸਰ ਨੇ ਮੀਡੀਆ ਤੇ ਸੋਸ਼ਲ ਨੈੱਟਵਰਕਾਂ 'ਤੇ ਕੀਤੀ ਸਖਤੀ

03/20/2019 12:35:34 PM

ਕਾਹਿਰਾ (ਭਾਸ਼ਾ)— ਮਿਸਰ ਦੇ ਸੀਨੀਅਰ ਮੀਡੀਆ ਰੈਗੂਲੇਟਰੀ ਨੇ ਮੀਡੀਆ ਅਤੇ ਸੋਸ਼ਲ ਨੈੱਟਵਰਕ ਸਾਈਟਾਂ 'ਤੇ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਹਨ। ਹੁਣ ਉਹ ਅਜਿਹੇ ਸੋਸ਼ਲ ਮੀਡੀਆ ਅਕਾਊਂਟਾਂ ਅਤੇ ਵੈਬਸਾਈਟਾਂ ਨੂੰ ਬਲੌਕ ਕਰ ਸਕਦਾ ਹੈ ਜਿਨ੍ਹਾਂ ਨਾਲ ਰਾਸ਼ਟਰ ਦੀ ਸੁਰੱਖਿਆ ਨੂੰ ਖਤਰਾ ਪ੍ਰਤੀਤ ਹੁੰਦਾ ਹੈ। ਇਹ  ਰਾਸ਼ਟਰਪਤੀ ਅਬਦੇਲ ਫਤਹਿ ਅਲ ਸਿਸੀ ਦੀ ਸਰਕਾਰ ਦੀ ਅਸਹਿਮਤੀ ਨੂੰ ਦਬਾਉਣ ਲਈ ਨਵਾਂ ਕਦਮ ਹੈ। ਹਾਲ ਹੀ ਦੇ ਸਾਲਾਂ ਵਿਚ ਮਿਸਰ ਨੇ ਪੱਤਰਕਾਰਾਂ ਦੀ ਗ੍ਰਿਫਤਾਰੀ ਦੀ ਮੁਹਿੰਮ ਸ਼ੁਰੂ ਕੀਤੀ ਹੈ। 

ਇਸ ਦੇ ਤਹਿਤ ਦਰਜਨਾਂ ਮੀਡੀਆ ਕਰਮੀਆਂ ਨੂੰ ਜੇਲ ਭੇਜਿਆ ਗਿਆ ਹੈ ਅਤੇ ਕੁਝ ਵਿਦੇਸ਼ੀ ਪੱਤਰਕਾਰਾਂ ਨੂੰ ਦੇਸ਼ ਦੇ ਬਾਹਰ ਕਰ ਦਿੱਤਾ ਗਿਆ ਹੈ। ਨਵੇਂ ਨਿਯਮ ਸੋਮਵਾਰ ਦੇਰ ਰਾਤ ਅਧਿਕਾਰਕ ਗਜ਼ਟ ਵਿਚ ਪ੍ਰਕਾਸ਼ਿਤ ਕੀਤੇ ਗਏ ਜਿਨ੍ਹਾਂ ਨਾਲ ਸੁਪਰੀਮ ਮੀਡੀਆ ਰੈਗੂਲੇਟਰੀ ਕੌਂਸਲ ਨੂੰ ਕਥਿਤ ਫਰਜ਼ੀ ਖਬਰ ਵਾਲੀਆਂ ਵੈਬਸਾਈਟਾਂ ਅਤੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਰੋਕ ਲਗਾਉਣ ਦੀ ਸ਼ਕਤੀ ਮਿਲ ਗਈ ਹੈ। ਇਸ ਦੇ ਤਹਿਤ ਢਾਈ ਲੱਖ ਪੌਂਡ ਦਾ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈ। ਮਿਸਰ ਦੇ ਪੱਤਰਕਾਰਾਂ ਨੇ ਇਸ ਕਦਮ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਮੁੱਖ ਰੈਗੂਲੇਟਰ ਮਕਰਾਮ ਮੁਹੰਮਦ ਅਹਿਮਦ ਨੇ ਇਸ ਮੁੱਦੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Vandana

This news is Content Editor Vandana