ਪੀ. ਐੱਮ. ਸਕੌਟ ਮੌਰੀਸਨ ਦੇ ਸਿਰ 'ਤੇ ਆਂਡਾ ਸੁੱਟਣ ਵਾਲੀ ਅਦਾਲਤ 'ਚ ਪੇਸ਼

05/27/2019 3:32:52 PM

ਸਿਡਨੀ— ਆਸਟ੍ਰੇਲੀਆ 'ਚ ਆਮ ਚੋਣਾਂ ਦੌਰਾਨ ਪ੍ਰਚਾਰ ਕਰ ਰਹੇ ਪੀ. ਐੱਮ. ਸਕੌਟ ਮੌਰੀਸਨ ਦੇ ਸਿਰ 'ਤੇ ਆਂਡਾ ਸੁੱਟਣ ਵਾਲੀ ਔਰਤ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਕੰਟਰੀ ਵੂਮਨ ਐਸੋਸੀਏਸ਼ਨ ਸਟੇਟ ਕਾਨਫਰੰਸ 'ਚ 7 ਮਈ ਨੂੰ ਉਸ ਨੇ ਇਹ ਹਰਕਤ ਕੀਤੀ ਸੀ। ਨਿਊ ਸਾਊਥ ਵੇਲਜ਼ ਦੀ ਅਦਾਲਤ 'ਚ 24 ਸਾਲਾ ਐਂਬਰ ਹਾਲਟ ਨੂੰ ਪੇਸ਼ ਕੀਤਾ ਗਿਆ ਤੇ ਦੱਸਿਆ ਗਿਆ ਕਿ ਉਸ ਸਮੇਂ ਉਹ ਨਸ਼ੇ 'ਚ ਸੀ। ਫਿਲਹਾਲ ਉਸ ਕੋਲੋਂ ਹੋਰ ਪੁੱਛ-ਪੜਤਾਲ ਹੋਣੀ ਬਾਕੀ ਹੈ।

ਜ਼ਿਕਰਯੋਗ ਹੈ ਕਿ ਜਦ ਐਂਬਰ ਨੇ ਪੀ. ਐੱਮ. ਮੌਰੀਸਨ ਦੇ ਸਿਰ 'ਤੇ ਆਂਡਾ ਸੁੱਟਿਆ ਤਾਂ ਇਹ ਟੁੱਟਾ ਨਹੀਂ ਤੇ ਨਾ ਹੀ ਮੌਰੀਸਨ ਨੂੰ ਕੋਈ ਨੁਕਸਾਨ ਪੁੱਜਾ ਪਰ ਉਨ੍ਹਾਂ ਦੇ ਨੇੜੇ ਖੜ੍ਹੀ ਇਕ ਬਜ਼ੁਰਗ ਔਰਤ ਹੇਠਾਂ ਡਿੱਗ ਗਈ ਸੀ। ਸਕੌਟ ਮੌਰੀਸਨ ਨੇ ਉਸ ਔਰਤ ਨੂੰ ਚੁੱਕਿਆ ਤੇ ਉਸ ਨੂੰ ਤਸੱਲੀ ਦਿੰਦਿਆਂ ਉਸ ਦਾ ਹਾਲ ਪੁੱਛਿਆ। ਉਸ ਔਰਤ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਨੇ ਆਪਣੇ ਪੇਟ ਦਾ ਆਪ੍ਰੇਸ਼ਨ ਕਰਵਾਇਆ ਸੀ, ਇਸ ਲਈ ਉਹ ਕਾਫੀ ਡਰ ਗਈ ਹੈ ਕਿ ਕਿਤੇ ਨੁਕਸਾਨ ਨਾ ਹੋ ਜਾਵੇ। ਸਕੌਟ ਮੌਰੀਸਨ ਨੇ ਔਰਤ ਦੀ ਸਲਾਮਤੀ ਲਈ ਪ੍ਰਾਰਥਨਾ ਵੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਸੁਰੱਖਿਆ ਕਰਮਚਾਰੀਆਂ ਨੇ ਐਂਬਰ ਨੂੰ ਫੜ ਲਿਆ ਸੀ ਤੇ ਹੁਣ ਅਦਾਲਤ 'ਚ ਪੇਸ਼ ਕੀਤਾ ਗਿਆ। ਵਕੀਲਾਂ ਨੇ ਦੱਸਿਆ ਕਿ ਉਸ ਨੇ ਭੰਗ ਦਾ ਨਸ਼ਾ ਕੀਤਾ ਹੋਇਆ ਸੀ। ਫਿਲਹਾਲ ਉਸ ਨੂੰ 8 ਜੁਲਾਈ ਨੂੰ ਦੋਬਾਰਾ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।