ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ''ਚ ਸਿੱਖਿਆ ਵਿਭਾਗ ਨੇ ਕਿਰਪਾਨ ''ਤੇ ਲਗਾਈ ਪਾਬੰਦੀ

08/31/2017 8:14:11 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦਾ ਸੂਬਾ ਕੂਈਨਜ਼ਲੈਂਡ ਉਸ ਸਮੇ ਸਿੱਖ ਭਾਈਚਾਰੇ ਦੀਆਂ ਸੁਰਖੀਆਂ 'ਚ ਆ ਗਿਆ ਜਦੋ ੧੮ ਮਹੀਨੇ ਪਹਿਲਾ ਇੱਕ ਪ੍ਰਿੰਸੀਪਲ ਵਲੋਂ ਸਿੱਖ ਬੱਚਿਆਂ ਦੇ ਅੰਮ੍ਰਿਤਧਾਰੀ ਪਿਤਾ ਨੂੰ ਸਕੂਲ ਦੇ ਮੈਦਾਨਾਂ ਅੰਦਰ ਕਿਰਪਾਨ (ਸਿਰੀ ਸਾਹਿਬ) ਪਹਿਨ ਕੇ ਆਉਣ ਦੀ ਦਿੱਤੀ ਗਈ ਇਜਾਜ਼ਤ ਨੂੰ ਸਿੱਖਿਆ ਵਿਭਾਗ ਨੇ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਕ੍ਰਿਪਾਨ ਪਹਿਨਣ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਰੱਦ ਕਰ ਦਿੱਤਾ।ਜਿਸ ਸਬੰਧੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਜਿਮ ਵਾਟਰਸਟਨ ਨੇ ਸਥਾਨਕ ਰੇਡੀਓ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਈਨਜ਼ਲੈਂਡ ਹਥਿਆਰ ਐਕਟ ੧੯੯੦ ਦੇ ਅਧੀਨ ਸਪੱਸ਼ਟ ਰੂਪ ਵਿੱਚ ਕਿਰਪਾਨ ਨੂੰ ਰਸਮੀ ਚਾਕੂ ਦਾ ਨਾਮ ਦਿੱਤਾ ਗਿਆ ਹੈ, ਜਿਸ ਨੂੰ ਕਿਸੇ ਵੀ ਵਿਆਕਤੀ ਨੂੰ ਸਕੂਲ ਦੇ ਮੈਦਾਨ ਜਾ ਹਦੂਦ ਦੇ ਅੰਦਰ ਲਿਆਉਣ ਦੀ ਸਖਤ ਮਨਾਹੀ ਹੈ।ਉਨ੍ਹਾਂ ਕਿਹਾ ਕਿ ਕਿਰਪਾਨ ਦੀ ਸਿੱਖ ਧਰਮ ਵਿੱਚ ਮਹੱਤਤਾ ਤੋਂ ਉਹ ਜਾਣੂ ਹਨ ਪਰ ਸਿੱਖਿਆ ਵਿਭਾਗ ਦੀ ਨੀਤੀਆਂ ਅਨੁਸਾਰ ਕਿਰਪਾਨ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਹਥਿਆਰ ਨੂੰ ਸਕੂਲ ਦੀ ਹਦੂਦ ਅੰਦਰ ਲਿਆਉਣ ਦੀ ਇਜਾਜਤ ਨਹੀ ਦਿੱਤੀ ਜਾ ਸਕਦੀ।

ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਪ੍ਰਿੰਸੀਪਲ ਵਲੋਂ ਕਿਰਪਾਨ ਪਹਿਨਣ ਸਬੰਧੀ ਕਾਨੂੰਨੀ ਜਾਣਕਾਰੀ ਕੁਈਨਜ਼ਲੈਂਡ ਪੁਲਸ ਤੋ ਮੰਗੀ ਗਈ ਸੀ, ਸਿੱਖ ਧਰਮ ਦੀ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤਧਾਰੀ ਸਿੱਖ ਨੂੰ ਛੋਟੀ ਕਿਰਪਾਨ ਜੋ ਕਿ ਢੱਕੀ ਹੋਈ ਹੋਵੇ ਨੂੰ ਸਕੂਲ ਦੇ ਮੈਦਾਨ ਵਿੱਚ ਪਹਿਨਣ ਦੀ ਇਜਾਜ਼ਤ ਪੁਲਸ ਵਲੋਂ ਦੇਣ ਉਪਰੰਤ ਹੀ ਪ੍ਰਿੰਸੀਪਲ ਨੇ ਮਨਜ਼ੂਰੀ ਦਿੱਤੀ ਗਈ ਸੀ।ਜਿਸ ਨੂੰ ਸਿੱਖਿਆ ਵਿਭਾਗ ਨੇ ਗਲਤ ਫੈਸਲਾ ਕਰਾਰ ਦਿੰਦਿਆਂ ਖਾਰਿਜ ਕਰ ਦਿੱਤਾ।ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਜੋਤ ਸਿੰਘ ਤੇ ਮੀਤ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਨੇ ਰਾਸ਼ਟਰੀ ਅਖਬਾਰ ਵਿੱਚ ਕਿਰਪਾਨ ਸਬੰਧੀ ਜੋ ਖ਼ਬਰ ਪ੍ਰਕਾਸ਼ਿਤ ਹੋਈ ਹੈ, ਉਸ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੱਖ-ਵੱਖ ਗੁਰਦੁਆਰਾਂ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਧਰਮ ਵਿੱਚ ਕਿਰਪਾਨ ਦੀ ਮਹੱਤਤਾ ਬਾਰੇ ਸੂਬੇ ਦੀ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਜਾਣਕਾਰੀ ਮੁਹੱਇਆ ਕਰਵਾਈ ਜਾਵੇਗੀ ਤਾਂ ਜੋ ਇਸ ਗੰਭੀਰ ਮਸਲੇ ਦਾ ਪ੍ਰਸਪਰ ਹੱਲ ਕੀਤਾ ਜਾ ਸਕੇ।ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਕਿਰਪਾਨ ਦੇ ਗੰਭੀਰ ਮੁੱਦੇ 'ਤੇ ਆਸਟ੍ਰੇਲੀਆ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਕੇ ਸਾਰਥਕ ਹੱਲ ਕੱਢਣ ਦੀ ਅਪੀਲ ਵੀ ਕੀਤੀ।