ਆਪਣੇ ਪਾਲਣ-ਪੋਸ਼ਣ ''ਤੇ ਹੋਏ ਖਰਚ ਲਈ ਮਾਂ ਨੂੰ 744,000 ਡਾਲਰ ਦੇਵੇਗਾ ਬੇਟਾ

01/03/2018 4:28:18 PM

ਤਾਈਪੇਈ (ਭਾਸ਼ਾ)— ਤਾਈਵਾਨ ਦੀ ਇਕ ਅਦਾਲਤ ਨੇ ਦੰਦਾਂ ਦੇ ਇਕ ਡਾਕਟਰ ਨੂੰ ਆਪਣੇ ਪਾਲਣ-ਪੋਸ਼ਣ ਅਤੇ ਸਿੱਖਿਆ ਦੇਣ ਵਿਚ ਹੋਏ ਖਰਚ ਦੇ ਮੁਆਵਜ਼ੇ ਦੇ ਰੂਪ ਵਿਚ ਆਪਣੀ ਮਾਂ ਨੂੰ ਕਰੀਬ 744,000 ਅਮਰੀਕੀ ਡਾਲਰ ਦੇਣ ਦਾ ਆਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਕੱਲ ਪਹਿਲੇ ਆਦੇਸ਼ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਹੈ ਕਿ ਚੂ ਨਾਂ ਦੇ 41 ਸਾਲਾ ਵਿਅਕਤੀ ਨੂੰ ਉਸ ਇਕਰਾਰਨਾਮੇ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਸ ਵਿਚ ਉਸ ਨੇ 20 ਸਾਲ ਪਹਿਲਾਂ ਆਪਣੀ ਮਾਂ ਨੂੰ ਉਸ 'ਤੇ ਖਰਚ ਹੋਣ ਵਾਲੇ ਧਨ ਨੂੰ ਵਾਪਸ ਕਰਨ ਦਾ ਵਾਅਦਾ ਕੀਤਾ ਸੀ। ਚੂ ਦੀ ਮਾਂ ਲੂ ਦਾ ਸਾਲ 1990 ਵਿਚ ਆਪਣੇ ਪਤੀ ਨਾਲੋਂ ਤਲਾਕ ਹੋ ਗਿਆ ਸੀ ਅਤੇ ਉਸ ਨੇ ਖੁਦ ਮਿਹਨਤ ਕਰ ਕੇ ਆਪਣੇ ਦੋਵੇਂ ਬੇਟਿਆਂ ਨੂੰ ਵੱਡਾ ਕੀਤਾ ਹੈ। 
ਲੂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਜਦੋਂ ਉਹ ਬੁੱਢੀ ਹੋਵੇਗੀ ਤਾਂ ਕੋਈ ਉਸ ਦੀ ਦੇਖਭਾਲ ਨਹੀਂ ਕਰੇਗਾ। ਲੂ ਨੇ ਆਪਣੇ ਬੇਟਿਆਂ ਨਾਲ ਇਕ ਇਕਰਾਰਨਾਮੇ 'ਤੇ ਦਸਤਖਤ ਕੀਤੇ। ਇਸ ਇਕਰਾਰਨਾਮੇ ਮੁਤਾਬਕ ਜਦੋਂ ਉਹ ਦੋਵੇਂ 20 ਸਾਲ ਦੇ ਹੋਣਗੇ ਤਾਂ ਆਪਣੀ ਆਮਦਨ ਦੇ ਕੁੱਲ ਲਾਭ ਦਾ 60 ਫੀਸਦੀ ਧਨ ਉਸ ਨੂੰ ਦੇਣਗੇ। ਸਥਾਨਕ ਖਬਰਾਂ ਮੁਤਾਬਕ ਲੂ ਨੇ ਦੋਸ਼ ਲਗਾਇਆ ਕਿ ਉਸ ਦੇ ਬੇਟਿਆਂ ਨੇ ਉਸ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀਆਂ ਪ੍ਰੇਮਿਕਾਵਾਂ ਨੇ ਉਸ ਨੂੰ ਵਕੀਲਾਂ ਜ਼ਰੀਏ ਪੱਤਰ ਭੇਜੇ ਕਿ ਉਹ ਆਪਣੇ ਬੇਟਿਆਂ ਨੂੰ ਪਰੇਸ਼ਾਨ ਨਾ ਕਰੇ। ਲੂ ਨੇ 8 ਸਾਲ ਪਹਿਲਾਂ ਮੁਕੱਦਮਾ ਦਾਇਰ ਕੀਤਾ ਸੀ, ਜਦੋਂ ਉਸ ਦੇ ਬੇਟਿਆਂ ਨੇ ਇਕਰਾਰਨਾਮੇ ਦਾ ਸਨਮਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵੱਡੇ ਬੇਟੇ ਨੇ ਮਾਮਲਾ ਸੁਲਝਾਉਣ ਲਈ ਲੂ ਨੂੰ 50 ਲੱਖ ਡਾਲਰ ਦਾ ਭੁਗਤਾਨ ਕੀਤਾ ਸੀ ਜਦਕਿ ਛੋਟੇ ਬੇਟੇ ਨੇ ਦਾਅਵਾ ਕੀਤਾ ਕਿ ਇਹ ਕਰਾਰ ''ਚੰਗੀ ਪਰੰਪਰਾ'' ਦੀ ਉਲੰਘਣਾ ਕਰਦਾ ਹੈ ਕਿਉਂਕਿ ਇਕ ਬੱਚੇ ਦਾ ਪਾਲਣ ਪੋਸ਼ਣ ਉਸ ਦੀ ਵਿੱਤੀ ਸਥਿਤੀ ਮੁਤਾਬਕ ਨਹੀਂ ਲਗਾਇਆ ਜਾਣਾ ਚਾਹੀਦਾ। ਇਸ ਮਗਰੋਂ ਉਹ ਆਪਣੀ ਮਾਂ ਵਿਰੁੱਧ ਅਦਾਲਤ ਚਲਾ ਗਿਆ ਸੀ।