ਈਕੋਸਿੱਖ ਵਲੋਂ ''ਗੁਰੂ ਗ੍ਰੰਥ ਸਾਹਿਬ ਬਾਗ'' ਦਾ ਉਦਘਾਟਨ, 58 ਕਿਸਮਾਂ ਦੇ ਲਾਏ ਗਏ ਰੁੱਖ, ਝਾੜ, ਫਸਲਾਂ ਤੇ ਬੂਟੇ (ਤਸਵੀਰਾਂ)

09/21/2021 4:27:26 PM

ਨਿਊਯਾਰਕ (ਰਾਜ ਗੋਗਨਾ) ਅਮਰੀਕਾ ਵਿਚ ਰਹਿੰਦੇ ਈਕੋਸਿੱਖ ਨਾਂ ਦੀ ਸੰਸਥਾ ਦੇ ਸੰਸਥਾਪਕ ਡਾਕਟਰ ਰਾਜਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਵਾਤਾਵਰਣ ਸੰਭਾਲ ਅਤੇ ਰੁੱਖ ਲਗਾਉਣ ਦੇ ਕਾਰਜਾਂ 'ਚ ਮੋਹਰੀ ਰੋਲ ਅਦਾ ਕਰ ਰਹੀ ਸੰਸਥਾ 'ਈਕੋਸਿੱਖ' ਵਲੋਂ ਅੱਜ 'ਪੈਟਲਸ' ਦੇ ਸਾਂਝੇ ਸਹਿਯੋਗ ਨਾਲ "ਗੁਰੂ ਗ੍ਰੰਥ ਸਾਹਿਬ ਬਾਗ" ਦਾ ਉਦਘਾਟਨ ਕੀਤਾ ਗਿਆ। ਮੋਗਾ ਜਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਲੱਗਿਆ ਇਹ ਬਾਗ ਗੁਰਬਾਣੀ 'ਤੇ ਅਧਾਰਤ ਅਜਿਹਾ ਇੱਕੋ-ਇੱਕ ਬਾਗ ਹੈ। ਇਹ ਬਾਗ ਪੰਜ ਏਕੜ ਵਿੱਚ ਫੈਲੀ ਦੁਨੀਆ ਦੀ ਪਹਿਲੀ ਉਹ ਰਮਣੀਕ ਥਾਂ ਹੈ, ਜਿਸ ਵਿੱਚ ਗੁਰਬਾਣੀ ਵਿੱਚ ਦਰਜ ਤਕਰੀਬਨ 58 ਕਿਸਮ ਦੇ ਬੂਟੇ, ਰੁੱਖ, ਝਾੜ, ਫਸਲਾਂ 5000 ਤੋਂ 6000 ਹਜ਼ਾਰ ਦੀ ਗਿਣਤੀ ਵਿੱਚ ਵਿਉਤਵੰਧ ਢੰਗ ਨਾਲ ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥਾਂ ਸਹਿਤ ਲਗਾਏ ਗਏ ਹਨ। 

ਇਹ ਬਾਗ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਦੀ ਜੂਹ 'ਚ ਸਥਿਤ ਹੈ, ਇਹ ਅਸਥਾਨ ਚਾਰ ਗੁਰੂ ਸਾਹਿਬਾਨਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿਰਾਇ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਮੰਨਿਆ ਜਾਂਦਾ ਹੈ। ਬੀਤੇ ਦਿਨ ਸੋਮਵਾਰ ਨੂੰ ਹੋਏ ਬਾਗ ਦੇ ਉਦਘਾਟਨੀ ਸਮਾਗਮ ਵਿੱਚ ਪ੍ਰੋ ਮਨਜੀਤ ਸਿੰਘ (ਸਾਬਕਾ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ), ਬੀਰ ਸਿੰਘ (ਲੇਖਕ ਅਤੇ ਗਾਇਕ), ਸੁਰਜੀਤ ਪਾਤਰ(ਕਵੀ) ਅਤੇ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ), ਜਸਵੰਤ ਸਿੰਘ ਜ਼ਫਰ(ਕਵੀ) , ਸ਼ੁਭੇਂਦੂ ਸ਼ਰਮਾ (ਬਾਨੀ, ਏਫੋਰੈਸ ਸੰਸਥਾ), ਰਵਨੀਤ ਸਿੰਘ(ਸਾਊਥ ਏਸ਼ੀਆ ਪ੍ਰੋਜੈਕਟ ਮੈਨੇਜਰ,ਈਕੋਸਿੱਖ), ਸੁਪ੍ਰੀਤ ਕੌਰ (ਪ੍ਰਧਾਨ, ਈਕੋਸਿੱਖ ਇੰਡੀਆ), ਬਲਵਿੰਦਰ ਸਿੰਘ ਲੱਖੇਵਾਲੀ (ਵਾਤਾਵਰਨ ਮਾਹਿਰ) ਸੁਖਚੈਨ ਸਿੰਘ(ਪੱਤੋ ਹੀਰਾ ਸਿੰਘ), ਅਤੇ ਕਈ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁੰਮਾਇੰਦੇ ਸ਼ਾਮਲ ਹੋਏ। 

ਲੰਬੇ ਸਮੇਂ ਤੋਂ ਵਾਤਾਵਰਨ ਸੰਭਾਲ ਲਈ ਉਪਰਾਲੇ ਕਰਦੇ ਆ ਰਹੇ ਪ੍ਰੋ ਮਨਜੀਤ ਸਿੰਘ ਜੀ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ "ਸਿੱਖ ਗੁਰੂ ਸਾਹਿਬਾਨਾਂ ਨੇ ਕੁਦਰਤ ਨੂੰ ਜ਼ਿੰਦਗੀ ਦੇ ਅਰਥ ਸਮਝਾਉਣ ਲਈ ਵਰਤਿਆ, ਗੁਰੂ ਗ੍ਰੰਥ ਸਾਹਿਬ ਬਾਗ ਦਾ ਉਪਰਾਲਾ ਇਸ ਸਿੱਖਿਆ ਨੂੰ ਬੜੀ ਖੂਬਸੂਰਤੀ ਨਾਲ ਸਾਡੇ ਸਾਹਮਣੇ ਲਿਆਉਂਦਾ ਹੈ।ਉਹਨਾਂ ਕਿਹਾ ਕਿ "ਤਕਰੀਬਨ ਪੰਜ ਸਦੀਆਂ ਪਹਿਲਾਂ ਹੀ ਗੁਰੂ ਸਾਹਿਬਾਨ ਨੇ ਮਨੁੱਖਾਂ ਨੂੰ ਕੁਦਰਤ ਦੇ ਨਾਲ ਸੁਮੇਲ ਬਣਾਕੇ ਜ਼ਿੰਦਗੀ ਬਤੀਤ ਕਰਨ ਦੀ ਸਿੱਖਿਆ ਦਿੱਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਬੁਲਾਰੇ ਵਜੋਂ ਹਾਜ਼ਰੀ ਭਰਨ ਆਏ ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਨੇ ਈਕੋਸਿੱਖ ਅਤੇ ਪਿੰਡ ਵਾਸੀਆਂ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ "ਇਹ ਬਾਗ ਸਾਨੂੰ ਜ਼ਿੰਦਗੀ ਵਿੱਚ ਕੁਦਰਤ ਦੇ ਮਹੱਤਵ ਦੀ ਯਾਦ ਦਵਾਉਂਦਿਆਂ ਆਪਣੇ ਆਲੇ-ਦੁਆਲੇ ਦੇ ਜੀਆਂ-ਜੰਤਾਂ ਪ੍ਰਤੀ ਦਇਆ ਭਾਵ ਰੱਖਣ ਲਈ ਪ੍ਰੇਰਦਾ ਹੈ।

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਈਕੋਸਿੱਖ ਦੇ ਦੱਖਣੀ ਏਸ਼ੀਆ ਪ੍ਰਾਜੈਕਟ ਪ੍ਰਬੰਧਕ ਸ. ਰਵਨੀਤ ਸਿੰਘ ਨੇ ਦੱਸਿਆ ਕਿ “ ਪੱਤੋ ਹੀਰਾ ਸਿੰਘ ਪਿੰਡ ਦੁਨੀਆ ਭਰ ਵਿੱਚ ਅਜਿਹਾ ਪਹਿਲਾ ਅਸਥਾਨ ਬਣਨ ਜਾ ਰਿਹਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 58 ਪ੍ਰਜਾਤੀਆਂ ਦੇ ਰੁੱਖ ਇੱਕੋ ਥਾਂ ਲਗਾਏ ਗਏ ਹਨ। ਅਸੀਂ ਪਿੰਡ ਪੱਤੋ ਹੀਰਾ ਸਿੰਘ ਦੀ ਪੈਟਲਸ ਸੋਸਾਇਟੀ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਬਾਗ ਲਈ ਜ਼ਮੀਨ ਦਿੱਤੀ।" ਈਕੋਸਿੱਖ ਇੰਡੀਆ ਦੀ ਪ੍ਰਧਾਨ ਬੀਬੀ ਸੁਪ੍ਰੀਤ ਕੌਰ ਇਸ ਸਮਾਗਮ ਮੌਕੇ ਬੋਲਦਿਆਂ ਕਿਹਾ ਕਿ "ਇਹ ਬਾਗ ਹਰ ਧਰਮ ਦੇ ਵਾਤਾਵਰਣ ਪ੍ਰੇਮੀਆਂ ਲਈ ਅਤੇ ਵਿਸ਼ਵ ਪੱਧਰ ਦੀਆਂ ਯੁਨੀਵਰਸਿਟੀਆਂ ਵਿੱਚ ਖੋਜ ਕਰ ਰਹੇ ਵਿਦਿਆਰਥੀਆਂ ਲਈ ਵੀ ਗਿਆਨ ਦਾ ਕੇਂਦਰ ਬਣਕੇ ਉੱਭਰੇਗਾ।”

ਏਫੌਰੇਸਟ ਸੰਸਥਾ ਦੇ ਸੰਸਥਾਪਕ ਸ਼ੁਭੇਂਦੂ ਸ਼ਰਮਾ ਨੇ ਕਿਹਾ ਕਿ "ਮੈਨੂੰ ਬਾਗ ਵਿੱਚ ਆ ਕੇ ਇੱਕ ਵੱਖਰੀ ਕਿਸਮ ਦਾ ਅਹਿਸਾਸ ਹੋਇਆ ਹੈ, ਈਕੋਸਿੱਖ ਦਾ ੳਪਰਾਲਾ ਬਹੁਤ ਸ਼ਾਨਦਾਰ ਹੈ।ਗੁਰਬਾਣੀ ਵਿਚਲੀ ਵੰਨ-ਸੁਵੰਨਤਾ ਹੁਣ ਇਸ ਬਾਗ ਵਿਚਲੇ ਰੁੱਖਾਂ ਦੀ ਵੰਨ-ਸੁਵੰਨਤਾ 'ਚ ਪ੍ਰਦਰਸ਼ਿਤ ਹੋ ਰਹੀ ਹੈ।" ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ। ਜ਼ਿਕਰਯੋਗ ਹੈ ਕਿ ਈਕੋਸਿੱਖ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ 'ਤੇ 10 ਲੱਖ ਰੁੱਖ ਲਾਉਣ ਦਾ ਅਹਿਦ ਪੂਰਾ ਕਰਨ ਲਈ ਪੰਜਾਬ ਅਤੇ ਹੋਰ ਰਾਜਾਂ 'ਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਜਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ -ਦੁਬਈ 'ਚ ਭਾਰਤੀ ਮੂਲ ਦੇ ਜੋਗਿੰਦਰ ਸਲਾਰੀਆ ਨੂੰ ਮਿਲਿਆ 10 ਸਾਲ ਲਈ ਗੋਲਡਨ ਵੀਜ਼ਾ

40 ਤੋਂ ਵੱਧ ਪ੍ਰਜਾਤੀਆਂ ਦੇ 550 ਰੁੱਖਾਂ ਵਾਲੇ ਇਹ ਜੰਗਲ 200 ਗਜ ਥਾਂ 'ਚ ਲਗਾਏ ਜਾਂਦੇ ਹਨ।ਈਕੋਸਿੱਖ ਵਲੋਂ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ 350 ਤੋਂ ਵੱਧ ਗੁਰੂ ਨਾਨਕ ਜੰਗਲ ਲਗਾਏ ਜਾ ਚੁੱਕੇ ਹਨ।ਉਦਘਾਟਨੀ ਸਮਾਗਮ ਤੋਂ ਮਗਰੋਂ ਹਾਜ਼ਰ ਹੋਈਆਂ ਸ਼ਖਸੀਅਤਾਂ ਨੇ ਮੀਡੀਆ ਨੁਮਾਇੰਦਿਆਂ ਨਾਲ ਬਾਗ ਦੀ ਸੈਰ ਕੀਤੀ ਅਤੇ ਗੁਰਬਾਣੀ ਦੀਆਂ ਪੰਕਤੀਆਂ ਨੇ ਨਾਲ-ਨਾਲ ਦਰਸਾਏ ਗਏ ਇਸਦੇ ਕੁਦਰਤੀ ਨਜ਼ਾਰੇ ਦਾ ਅਨੰਦ ਮਾਣਿਆ।

Vandana

This news is Content Editor Vandana