ਧੋਖਾਧੜੀ ਮਾਮਲਾ : ਇਸ ਭਾਰਤੀ ਕੋਲੋਂ ਆਸਟ੍ਰੇਲੀਆ ਵਾਪਸ ਲਵੇਗਾ ਐਵਾਰਡ

03/28/2018 3:35:49 PM

ਸਿਡਨੀ— ਆਸਟ੍ਰੇਲੀਆ ਨੇ ਭਾਰਤੀ ਮੂਲ ਦੇ ਵਿਅਕਤੀ ਜਤਿੰਦਰ ਗੁਪਤਾ ਕੋਲੋਂ ਉਨ੍ਹਾਂ ਨੂੰ ਦਿੱਤਾ ਗਿਆ ਐਵਾਰਡ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਾਰਤੀ ਮੂਲ ਦੇ ਚਾਰਟਰਡ ਅਕਾਊਂਟੇਟ ਜਤਿੰਦਰ ਗੁਪਤਾ ਨੂੰ ਇਕ ਹਫਤਾ ਪਹਿਲਾਂ ਹੀ ਇਕਨੌਮਿਕ ਪਾਰਟੀਸਿਪੇਸ਼ਨ ਐਵਾਰਡ-2018 ਨਾਲ ਨਵਾਜ਼ਿਆ ਗਿਆ ਸੀ। ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਸਰਕਾਰ ਵਲੋਂ ਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਅਤੇ ਵੱਖ-ਵੱਖ ਦੇਸ਼ਾਂ ਨਾਲ ਸੰਬੰਧ ਰੱਖਦੇ ਪ੍ਰਵਾਸੀ ਸਮਾਜ ਸੁਧਾਰਕਾਂ ਨੂੰ ਐਵਾਰਡ ਦੇਣੇ ਸ਼ੁਰੂ ਕੀਤੇ ਸਨ। 
ਇਹ ਹੈ ਮਾਮਲਾ— 
ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਜਤਿੰਦਰ ਗੁਪਤਾ ਧੋਖਾਧੜੀ ਦੇ ਕੇਸ 'ਚ ਆਸਟ੍ਰੇਲੀਆ 'ਚ ਦੋ ਸਾਲ ਦੀ ਸਜ਼ਾ ਕੁੱਟ ਚੁੱਕੇ ਹਨ। ਉਨ੍ਹਾਂ ਨੇ ਇਸ ਐਵਾਰਡ ਦਾ ਦਾਅਵੇਦਾਰ ਬਣਨ ਤੋਂ ਪਹਿਲਾਂ ਆਪਣੀ ਸੱਚਾਈ ਨਹੀਂ ਦੱਸੀ ਸੀ। ਪ੍ਰੀਮੀਅਰ ਦਫਤਰ ਨੂੰ ਗੁਪਤਾ ਬਾਰੇ ਅਜਿਹੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਇਹ ਮੁੱਦਾ ਸੁਰਖੀਆਂ 'ਚ ਆ ਗਿਆ। ਸੂਬਾ ਸਰਕਾਰ ਨੇ ਕਿਹਾ ਕਿ ਜਤਿੰਦਰ ਗੁਪਤਾ ਨੂੰ ਇਕਨੌਮਿਕ ਪਾਰਟੀਸਿਪੇਸ਼ਨ ਐਵਾਰਡ-2018 ਲਈ ਚੁਣਿਆ ਗਿਆ ਸੀ ਪਰ ਉਨ੍ਹਾਂ ਵਲੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਵਾਰਡ ਵਾਪਸ ਲਿਆ ਜਾਵੇਗਾ ਅਤੇ ਅਸੀਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਆਸਟ੍ਰੇਲੀਅਨ-ਇੰਡੀਅਨ ਹਿਸਟਰੀ ਸੋਸਾਇਟੀ ਦੇ ਆਗੂ ਬਲਜਿੰਦਰ ਸਿੰਘ ਨੇ ਕਿਹਾ ਕਿ ਕੁਝ ਭਾਰਤੀ ਅਮੀਰ ਜਾਂ ਵੱਡਾ ਬਣਨ ਦੇ ਚੱਕਰ 'ਚ ਕਾਨੂੰਨ ਨੂੰ ਅਣਗੌਲਿਆ ਕਰ ਕੇ ਧੋਖਾਧੜੀ ਕਰ ਰਹੇ ਹਨ, ਜੋ ਕਿ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਕਰਨ ਵਾਲੇ ਭਾਰਤੀਆਂ ਕਾਰਨ ਭਾਈਚਾਰਾ ਸ਼ਰਮਸਾਰ ਹੋ ਰਿਹਾ ਹੈ।