ਨਿਊਜ਼ੀਲੈਂਡ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਤੀਬਰਤਾ ਰਹੀ 7.2

06/16/2019 1:55:03 PM

ਵਲਿੰਗਟਨ— ਨਿਊਜ਼ੀਲੈਂਡ 'ਚ ਅੱਜ ਭੂਚਾਲ ਦੇ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.2 ਮਾਪੀ ਗਈ। ਭੂਚਾਲ ਦੇ ਇਹ ਝਟਕੇ ਅੱਜ ਉੱਤਰੀ-ਪੂਰਬੀ ਨਿਊਜ਼ੀਲੈਂਡ ਦੇ ਰਿਮੋਟ ਇਲਾਕੇ ਕੇਰਮਾਡੇਕ ਟਾਪੂ 'ਤੇ ਮਹਿਸੂਸ ਕੀਤੇ ਗਏ ਹਨ। ਜਿਸ ਦੇ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। 

ਸ਼ੁਰੂਆਤੀ ਅੰਦਾਜ਼ੇ ਮਗਰੋਂ ਸਮੁੰਦਰ ਦੇ ਕਿਨਾਰੇ 'ਤੇ ਸੰਭਾਵਿਤ ਖਤਰੇ ਦੀ ਗੱਲ ਆਖੀ ਗਈ ਸੀ, ਇਸ ਦੇ ਨਾਲ ਹੀ ਸਾਰੀਆਂ ਛੋਟੀਆਂ ਤੇ ਵੱਡੀਆਂ ਕਿਸ਼ਤੀਆਂ ਨੂੰ ਅਲਰਟ ਕੀਤਾ ਗਿਆ ਸੀ। ਅਲਰਟ ਦੇ ਬਾਅਦ ਨਿਊਜ਼ੀਲੈਂਡ ਸਿਵਿਲ ਡਿਫੈਂਸ ਅਰਗੇਨਾਇਜ਼ੇਸ਼ਨ ਨੇ 8 ਮਿੰਟ ਦੇ ਅੰਦਰ ਇਨ੍ਹਾਂ ਥਾਵਾਂ ਨੂੰ ਖਾਲੀ ਕਰਵਾ ਲਿਆ ਸੀ। 

ਸ਼ੁਰੂਆਤ 'ਚ ਭੂਚਾਲ ਦੀ ਤੀਬਰਤਾ 7.4 ਦਰਜ ਕੀਤੀ ਗਈ ਸੀ, ਜੋ ਕਿ ਬਾਅਦ 'ਚ ਯੂ. ਐੱਸ. ਜਿਓਲਾਜਿਕਲ ਸਰਵੇ ਮੁਤਾਬਕ 7.2 ਦੱਸੀ ਗਈ। ਹਾਲਾਂਕਿ ਬਾਅਦ 'ਚ ਪੈਸਿਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਵੀ ਸੁਨਾਮੀ ਦੀ ਚਿਤਾਵਨੀ ਨੂੰ ਵਾਪਸ ਲੈ ਲਿਆ। ਇਸ ਗੱਲ ਨੂੰ ਲੈ ਕੇ ਅਲਰਟ ਕੀਤਾ ਗਿਆ ਕਿ ਇੱਥੇ ਸਮੁੰਦਰੀ ਕਿਨਾਰਿਆਂ 'ਤੇ ਪਾਣੀ ਵਧ ਸਕਦਾ ਹੈ। ਦੱਸ ਦਈਏ ਕਿ ਭੂਚਾਲ ਸਥਾਨਕ ਸਮੇਂ ਮੁਤਾਬਕ 10.55 ਵਜੇ ਨਿਊਜ਼ੀਲੈਂਡ ਦੇ ਸ਼ਹਿਰ ਤੌਰਾਂਗ ਤੋਂ 928 ਕਿਲੋਮੀਟਰ ਦੂਰ 10 ਕਿਲੋਮੀਟਰ ਦੀ ਡੂੰਘਾਈ 'ਚ ਮਹਿਸੂਸ ਕੀਤੇ ਗਏ।  

ਦੱਸ ਦਈਏ ਕਿ ਇਨ੍ਹਾਂ ਟਾਪੂਆਂ 'ਤੇ ਜਵਾਲਾਮੁਖੀ ਦੀਆਂ ਚੋਟੀਆਂ ਹਨ, ਜਿਸ ਕਾਰਨ ਸਮੁੰਦਰ ਦਾ ਪੱਧਰ ਵਧ ਜਾਂਦਾ ਹੈ ਅਤੇ ਅਕਸਰ ਰਿਕਟਰ ਸਕੇਲ 'ਤੇ 7 ਦੀ ਤੀਬਰਤਾ ਤਕ ਦਾ ਭੂਚਾਲ ਆਉਂਦਾ ਰਹਿੰਦਾ ਹੈ। ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ 2006 'ਚ ਇਕ ਵਾਰ, 2007 'ਚ ਇਕ ਵਾਰ ਅਤੇ 2011 'ਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।


Related News