ਭੂਚਾਲ ਨਾਲ ਕੰਬੀ ਈਰਾਨ-ਇਰਾਕ ਸਰਹੱਦ, ਹੁਣ ਤੱਕ 330 ਲੋਕਾਂ ਦੀ ਮੌਤ (ਦੇਖੋ ਤਸਵੀਰਾਂ ਤੇ ਵੀਡੀਓ)

11/13/2017 4:04:00 PM

ਸੁਲੇਮਾਨੀਆ/ਇਰਾਕ(ਬਿਊਰੋ)—ਈਰਾਨ-ਇਰਾਕ ਦੇ ਸਰਹੱਦੀ ਖੇਤਰ ਵਿਚ 7.3 ਦੀ ਤੀਬਰਤਾ ਦਾ ਭੂਚਾਲ ਆਉਣ ਨਾਲ 330 ਲੋਕਾਂ ਦੀ ਮੌਤ ਹੋ ਗਈ ਅਤੇ 3,950 ਲੋਕ ਜ਼ਖਮੀ ਹੋ ਗਏ ਹਨ। ਉਥੇ ਹੀ ਭੂਚਾਲ ਦੇ ਕਾਰਨ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਬਚਾਅ ਕੰਮਾਂ ਵਿਚ ਰੁਕਾਵਟ ਪੈਦਾ ਹੋ ਰਹੀ ਹੈ। ਟਵਿਟਰ ਉੱਤੇ ਪੋਸਟ ਕੀਤੇ ਗਏ ਇਕ ਫੁਟੇਜ ਵਿਚ ਘਬਰਾਏ ਹੋਏ ਲੋਕ ਉੱਤਰੀ ਇਰਾਕ ਵਿਚ ਸੁਲੇਮਾਨੀਆ ਸਥਿਤ ਇਮਾਰਤਾਂ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਨਿਕਟਵਰਤੀ ਦਰਬੰਦੀਖਾਨ ਵਿਚ ਵੀ ਕਈ ਕੰਧਾਂ ਅਤੇ ਕੰਕਰੀਟ ਦੇ ਢਾਂਚੇ ਢਹਿ ਗਏ।

 


ਭੂਚਾਲ ਦੀ ਸਥਿਤੀ ਨੂੰ ਸੰਭਾਲਣ ਲਈ ਸਥਾਪਤ ਈਰਾਨੀ ਸਰਕਾਰ ਦੀ ਆਫਤ ਇਕਾਈ ਦੇ ਮੁਖੀ ਬੇਹਨਮ ਸੈਦੀ ਨੇ ਸਰਕਾਰੀ ਟੈਲੀਵੀਜ਼ਨ ਨੂੰ ਪਹਿਲਾਂ ਦੱਸਿਆ ਸੀ ਕਿ,''164 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ 1,686 ਤੋਂ ਜ਼ਿਆਦਾ ਲੋਕ ਜ਼ਖਮੀ ਹਨ।'' ਇਰਾਕ ਦੀ ਸਹੱਦਰ 'ਤੇ 6 ਹੋਰ ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਈਰਾਨ ਦੇ ਕਰਮਾਨਸ਼ਾਹ ਸੂਬੇ ਦੇ ਡਿਪਟੀ ਗਵਰਨਰ ਮੋਜਤਬਾ ਨਿੱਕੇਰਦਰ ਨੇ ਕਿਹਾ,''ਅਸੀਂ 3 ਰਾਹਤ ਕੈਂਪ ਸਥਾਪਤ ਕਰਨ ਦੀ ਤਿਆਰੀ ਕਰ ਰਹੇ ਹਾਂ।'' 'ਯੂ. ਐਸ. ਜੀ. ਐਸ' ਨੇ ਦੱਸਿਆ ਕਿ ਭੂਚਾਲ ਹਲਬਜਾ ਤੋਂ 30 ਕਿਲੋਮੀਟਰ ਦੂਰ ਦੱਖਣੀ-ਪੱਛਮ ਵਿਚ ਐਤਵਾਰ ਰਾਤ ਕਰੀਬ 9 ਵਜ ਕੇ 20 ਮਿੰਟ ਉੱਤੇ ਆਇਆ।