ਪਾਪੂਆ ਨਿਊ ਗਿਨੀ ''ਚ ਆਇਆ ਜ਼ਬਰਦਸਤ ਭੂਚਾਲ, ਰਿਕਟਰ ਸਕੇਲ ''ਤੇ ਤੀਬਰਤਾ ਰਹੀ 8.0

01/22/2017 1:04:44 PM

ਸਿਡਨੀ— ਪਾਪੂਆ ਨਿਊ ਗਿਨੀ ''ਚ ਐਤਵਾਰ ਨੂੰ 8.0 ਦੀ ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਤੋਂ ਬਾਅਦ ਪ੍ਰਸ਼ਾਂਤ ਦੀਪੀ ਦੇਸ਼ ਅਤੇ ਗੁਆਂਢੀ ਦੇਸ਼ਾਂ ਲਈ ਸੁਨਾਮੀ ਦਾ ਚਿਤਾਵਨੀ ਜਾਰੀ ਕਰ ਦਿੱਤੀ ਗਈ। ਅਮਰੀਕੀ ਭੂ ਸਰਵੇਖਣ ਵਿਭਾਗ ਨੇ ਦੱਸਿਆ ਕਿ ਭੂਚਾਲ, ਪਾਪੂਆ ਨਿਊ ਗਿਨੀ ਦੇ ਬੈਗੋਨਵਿਲੇ ਟਾਪੂ ''ਚ ਪਾਂਗੁਨਾ ਤੋਂ 40 ਕਿਲੋਮੀਟਰ ਦੂਰ ਪੱਛਮ ''ਚ 153 ਕਿਲੋਮੀਟਰ ਦੀ ਡੂੰਘਾਈ ''ਚ ਸਥਾਨਕ ਸਮੇਂ ਮੁਤਾਬਕ 3.30 ਵਜੇ ਆਇਆ। ਵਿਭਾਗ ਨੇ ਆਪਣੇ ਸ਼ੁਰੂਆਤੀ ਅੰਦਾਜ਼ੇ ''ਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਗੇਨਵਿਲੇ ਟਾਪੂ ''ਤੇ ਮਾਮੂਲੀ ਨੁਕਸਾਨ ਦਾ ਸ਼ੱਕ ਹੈ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ (ਪੀ. ਟੀ. ਡਬਲਯੂ. ਸੀ.) ਨੇ ਪਾਪੂਆ ਨਿਊ ਗਿਨੀ ਦੇ ਕੁਝ ਤੱਟੀ ਇਲਾਕਿਆਂ ਅਤੇ ਨਜ਼ਦੀਕ ਪੈਂਦੇ ਸੋਲੋਮਨ ਦੀਪ ਸਮੂਹ ''ਚ 0.3 ਤੋਂ ਲੈ ਕੇ ਇੱਕ ਮੀਟਰ ਤੱਕ ਉੱਚੀਆਂ ਲਹਿਰਾਂ ਉੱਠਣ ਦੀ ਚਿਤਾਵਨੀ ਦਿੱਤੀ ਹੈ। ਪੀ. ਟੀ. ਡਬਲਯੂ. ਸੀ. ਮੁਤਾਬਕ ਹੋਰ ਨਜ਼ਦੀਕੀ ਦੇਸ਼ਾਂ ''ਚ ਛੋਟੀਆਂ ਲਹਿਰਾਂ ਉੱਠ ਸਕਦੀਆਂ ਹਨ। ਜਿਓਸਾਇੰਸ ਆਸਟਰੇਲੀਆ ਦੇ ਜਿਓਲੋਜੀ ਮਾਹਰ ਸਪਾਈਰੋ ਸਪਾਈਲਿਓਪੌਲਸ ਨੇ ਦੱਸਿਆ, ''''ਇਹ 150 ਕਿਲੋਮੀਟਰ ਦੀ ਡੂੰਘਾਈ ''ਤੇ ਆਇਆ, ਵੱਡਾ ਭੂਚਾਲ ਹੋਣ ਦੀ ਵਜ੍ਹਾ ਕਾਰਨ ਇਸ ਦਾ ਅਸਰ ਸਤ੍ਹਾ ''ਤੇ ਹੋਵੇਗਾ।'''' ਉਨ੍ਹਾਂ ਕਿਹਾ ਕਿ ਇਸ ਨਾਲ ਕੁਝ ਨੁਕਸਾਨ ਦਾ ਸ਼ੱਕ ਹੈ। ਦੱਸਣਯੋਗ ਹੈ ਕਿ ਬੀਤੇ ਦਸੰਬਰ ਮਹੀਨੇ ਦੇ ਮੱਧ ''ਚ ਪਾਪੂਆ ਨਿਊ ਗਿਨੀ ਦੇ ਤੱਟ ''ਤੇ 7.9 ਦੀ ਤੀਬਰਤਾ ਵਾਲਾ ਭੂਚਾਲ ਆਇਆ ਪਰ ਉਸ ਵੇਲੇ ਕੋਈ ਜ਼ਖ਼ਮੀ ਨਹੀਂ ਹੋਇਆ ਸੀ। ਸ਼ੁਰੂ ''ਚ ਸੁਨਾਮੀ ਦੀ ਖ਼ਤਰਾ ਸੀ, ਜਿਹੜਾ ਕਿ ਟਲ ਗਿਆ। ਕਰੀਬ 4,000 ਕਿਲੋਮੀਟਰ ਲੰਬੀ ਪੈਸੇਫਿਕ ਆਸਟਰੇਲੀਆ ਪਲੇਟ ''ਤੇ ਸਥਿਤ ਪਾਪੂਆ ਨਿਊ ਗਿਨੀ ਦੇ ਆਲੇ-ਦੁਆਲੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।