ਈਰਾਨ ''ਚ ਲੱਗੇ ਭੂਚਾਲ ਦੇ ਝਟਕੇ, 50 ਤੋਂ ਜ਼ਿਆਦਾ ਜ਼ਖਮੀ

01/08/2018 8:44:16 AM

ਤੇਹਰਾਨ (ਬਿਊਰੋ)— ਪੱਛਮੀ ਈਰਾਨ ਦੇ ਕਰਮਾਨਸ਼ਾਹ ਸੂਬੇ ਵਿਚ ਸ਼ਨੀਵਾਰ ਨੂੰ ਆਏ 5.1 ਦੀ ਤੀਬਰਤਾ ਵਾਲੇ ਭੂਚਾਲ ਵਿਚ ਘੱਟ ਤੋਂ ਘੱਟ 51 ਲੋਕ ਜ਼ਖਮੀ ਹੋ ਗਏ ਹਨ। ਇਸੇ ਸੂਬੇ ਵਿਚ ਸਾਲ 2017 ਦੇ ਅੰਤ ਵਿਚ ਵਿਨਾਸ਼ਕਾਰੀ ਭੂਚਾਲ ਆਇਆ ਸੀ। ਕਰਮਾਨਸ਼ਾਹ ਦੇ ਆਫਤ ਪ੍ਰਬੰਧਨ ਦਫਤਰ ਦੇ ਡਾਇਰੈਕਟਰ ਜਨਰਲ ਰਜ਼ਾ ਮਹਿਮੂਦੀਅਨ ਨੇ ਐਤਵਾਰ ਨੂੰ ਕਿਹਾ ਕਿ 42 ਲੋਕ ਸਾਰਪੋਲ-ਏ ਜਹਾਬ ਸ਼ਹਿਰ ਵਿਚ ਜ਼ਖਮੀ ਹੋਏ ਜਦਕਿ ਹੋਰ 9 ਲੋਕ ਗਿਲਾਨ-ਏ ਗਰਬ ਸ਼ਹਿਰ ਵਿਚ ਜ਼ਖਮੀ ਹੋਏ। ਭੂਚਾਲ ਵਿਚ ਫਿਲਹਾਲ ਕਿਸੇ ਦੇ ਮਰਨ ਦੀ ਖਬਰ ਨਹੀਂ ਹੈ। ਮਹਿਮੂਦੀਅਨ ਨੇ ਕਿਹਾ,''ਰਾਹਤ ਅਤੇ ਬਚਾਅ ਦਲ ਤੁਰੰਤ ਮੌਕੇ 'ਤੇ ਪਹੁੰਚ ਗਏ।'' ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲ ਭੂਚਾਲ ਨਾਲ ਨੁਕਸਾਨੀਆਂ ਗਈਆਂ ਕੁਝ ਇਮਾਰਤਾਂ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ। ਈਰਾਨੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਸ਼ਨੀਵਾਰ ਨੂੰ ਭੂਚਾਲ ਦਾ ਕੇਂਦਰ ਸਾਰਪੋਲ-ਏ ਜਹਾਬ ਤੋਂ 7-8 ਕਿਲੋਮੀਟਰ ਦੂਰ ਦੀ ਡੂੰਘਾਈ ਵਿਚ ਸੀ। ਗੌਰਤਲਬ ਹੈ ਕਿ 12 ਨਵੰਬਰ 2017 ਨੂੰ 7.3 ਦੀ ਤੀਬਰਤਾ ਵਾਲੇ ਭੂਚਾਲ ਨੇ ਈਰਾਨ ਵਿਚ ਭਾਰੀ ਤਬਾਹੀ ਮਚਾਈ ਸੀ। ਸਥਾਨਕ ਸਮੇਂ ਮੁਤਾਬਕ ਰਾਤ ਦੇ 9:18 ਵਜੇ ਆਏ ਇਸ ਭੂਚਾਲ ਨੇ 559 ਲੋਕਾਂ ਦੀ ਜਾਨ ਲਈ ਸੀ। ਸਭ ਤੋਂ ਜ਼ਿਆਦਾ ਨੁਕਸਾਨ ਕਰਮਾਨਸ਼ਾਹ ਸੂਬੇ ਵਿਚ ਹੋਇਆ ਸੀ।