ਕੁਈਨਜ਼ਲੈਂਡ ''ਚ ਆਇਆ ਤੇਜ਼ ਤੂਫਾਨ, ਲੋਕ ਹੋਏ ਪਰੇਸ਼ਾਨ

02/20/2018 2:00:27 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਮੰਗਲਵਾਰ ਦੀ ਦੁਪਹਿਰ ਨੂੰ ਤੇਜ਼ ਹਨ੍ਹੇਰੀ-ਝੱਖੜ ਆਇਆ, ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧੂੜ ਭਰੀ ਤੇਜ਼ ਹਨ੍ਹੇਰੀ ਨੇ ਕੁਈਨਜ਼ਲੈਂਡ ਦੇ ਪੇਂਡੂ ਇਲਾਕੇ ਚਾਰਲਵਿਲੇ ਨੂੰ ਪੂਰੀ ਤਰ੍ਹਾਂ ਢੱਕ ਲਿਆ ਅਤੇ ਸਾਰਾ ਆਸਮਾਨ ਸੰਤਰੀ ਰੰਗ ਦਾ ਹੋ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਤੇਜ਼ ਤੂਫਾਨ ਆਉਣ ਦੀ ਚਿਤਾਵਨੀ ਜਾਰੀ ਕੀਤੀ ਸੀ।


ਇਕ ਸੀਨੀਅਰ ਅਧਿਕਾਰੀ ਮਿਸ਼ੇਲ ਬੈਰੀ ਨੇ ਕਿਹਾ ਕਿ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚਲੀਆਂ, ਜਿਸ ਕਾਰਨ ਹਰ ਪਾਸੇ ਧੂੜ ਹੀ ਧੂੜ ਉਡ ਗਈ। ਬੈਰੀ ਦਾ ਕਹਿਣਾ ਹੈ ਕਿ ਮੁਸ਼ਕਲ ਹੈ ਕਿ ਧੂੜ ਪੂਰੀ ਤਰ੍ਹਾਂ ਸਾਫ ਹੋਵੇ। ਉਨ੍ਹਾਂ ਕਿਹਾ ਕਿ ਇਸ ਤੂਫਾਨ ਕਾਰਨ ਲੋਕ ਪਰੇਸ਼ਾਨ ਹਨ ਅਤੇ ਇਹ ਸਭ ਤੋਂ ਭਿਆਨਕ ਮੰਨਿਆ ਗਿਆ।

ਇਸ ਤੋਂ ਪਹਿਲਾਂ ਸਾਲ 2009 'ਚ ਇਸ ਤਰ੍ਹਾਂ ਦਾ ਤੂਫਾਨ ਦੇਖਣ ਨੂੰ ਮਿਲਿਆ ਸੀ। ਕੁਈਨਜ਼ਲੈਂਡ ਪੁਲਸ ਦਾ ਕਹਿਣਾ ਹੈ ਕਿ ਸੜਕਾਂ 'ਤੇ ਸਾਫ ਨਜ਼ਰ ਨਹੀਂ ਆ ਰਿਹਾ ਹੈ, ਇਸ ਲਈ ਲੋਕ ਡਰਾਈਵਿੰਗ ਕਰਨ ਸਮੇਂ ਸਾਵਧਾਨ ਰਹਿਣ।