ਵਿਦੇਸ਼ ਦੀ ਧਰਤੀ 'ਤੇ ਮਨਾਇਆ ਗਿਆ ਦੁਸਹਿਰਾ, ਬਣਿਆ ਭਾਰਤ ਵਰਗਾ ਮਾਹੌਲ

10/16/2019 10:57:01 AM

ਮੈਲਬੌਰਨ, (ਮਨਦੀਪ ਸਿੰਘ ਸੈਣੀ)- ਬੀਤੇ ਐਤਵਾਰ ਨੂੰ ਮੈਲਬੌਰਨ ਦੇ ਸ੍ਰੀ ਦੁਰਗਾ ਮੰਦਿਰ ਰੌਕ ਬੈਂਕ ਵਲੋਂ ਬਦੀ ‘ਤੇ ਨੇਕੀ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਰਾਮ ਲੀਲਾ ਦੀਆਂ ਝਾਕੀਆਂ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਲਈ ਛੋਟੇ ਬੱਚੇ-ਬੱਚੀਆਂ ਵੱਲੋਂ ਗਿੱਧਾ- ਭੰਗੜਾ,ਡਾਂਸ ਤੇ ਸਥਾਨਕ ਗਾਇਕਾਂ ਵੱਲੋਂ ਆਪਣੀ ਗਾਇਕੀ ਦੇ ਜੌਹਰ ਵਿਖਾਏ ਗਏ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਸ਼ਾਮ ਨੂੰ ਰਾਵਣ ਦੇ ਪੁਤਲੇ ਨੂੰ ਅਗਨ ਭੇਂਟ ਕੀਤਾ ਗਿਆ ਤੇ ਆਤਿਸ਼ਬਾਜ਼ੀ ਵੀ ਕੀਤੀ ਗਈ।

ਇਸ ਮੌਕੇ ਹਾਜ਼ਰ ਆਸਟਰੇਲੀਆ ਦੀਆਂ ਮੁੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਭਾਰਤੀ ਕੌਸਲੇਟ ਜਨਰਲ ਵਲੋਂ ਮੰਦਿਰ ਕਮੇਟੀ ਨੂੰ ਇਸ ਤਿਉਹਾਰ `ਤੇ ਸ਼ੁੱਭ ਕਾਮਨਾਵਾਂ ਭੇਂਟ ਕੀਤੀਆ ਗਈਆਂ। ਮੰਦਿਰ ਕਮੇਟੀ ਦੇ ਪ੍ਰਧਾਨ ਕੁਲਵੰਤ ਜੋਸ਼ੀ, ਸਕੱਤਰ ਨੀਰਜ ਕਾਲੀਆ ,ਰਜਿੰਦਰ ਸ਼ਰਮਾ ਅਤੇ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਗੁਰਪ੍ਰੀਤ ਵਰਮਾ,ਰਿਸ਼ੀ ਪ੍ਰਭਾਕਰ,ਸ਼ੰਕਰ ਚਾਵਲਾ,ਅਜੇ ਜੋਸ਼ੀ,ਪਰਦੀਪ ਮਹਿੰਦੀਰੱਤਾ,ਅਰੁਣ ਚੋਪੜਾ,ਨਰਿੰਦਰ ਗਰਗ ਸਮੇਤ ਕਈ ਪ੍ਰਬੰਧਕਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।