''ਏਅਰਫੋਰਸ ''ਚ ਹੋਈ ਸੀ ਜਬਰ ਜਨਾਹ ਦੀ ਸ਼ਿਕਾਰ''

03/07/2019 2:04:05 PM

ਵਾਸ਼ਿੰਗਟਨ (ਏ.ਐਫ.ਪੀ.)- ਅਮਰੀਕੀ ਏਅਰਫੋਰਸ ਵਿਚ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਮਹਿਲਾ ਅਤੇ ਐਰੀਜ਼ੋਨਾ ਤੋਂ ਸੰਸਦ ਮੈਂਬਰ ਮਾਰਥਾ ਮੈਕਸੇਲੀ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਏਅਰਫੋਰਸ ਵਿਚ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਸੀ। ਏਅਰਫੋਰਸ ਵਿਚ 26 ਸਾਲ ਸੇਵਾਵਾਂ ਦੇਣ ਵਾਲੀ 52 ਸਾਲਾ ਮੈਕਸੇਲੀ ਨੇ ਲੜਾਕੂ ਸਕਵਾਰਡਨ (ਫੌਜੀ ਜਹਾਜ਼ ਅਤੇ ਚਾਲਕ ਦਲ ਦੇ ਮੈਂਬਰਾਂ) ਦੀ ਕਮਾਨ ਸੰਭਾਲੀ। ਫੌਜ ਵਿਚ ਯੌਨ ਸ਼ੋਸ਼ਣ 'ਤੇ ਸੈਨੇਟ ਦੀ ਇਕ ਉਪ ਕਮੇਟੀ ਵਿਚ ਸੁਣਵਾਈ ਦੌਰਾਨ ਭਾਵੁਕ ਹੁੰਦੇ ਹੋਏ ਉਨ੍ਹਾਂ ਨੇ ਇਸ ਹਾਦਸੇ ਬਾਰੇ ਦੱਸਿਆ। ਮੈਕਸੇਲੀ ਨੇ ਕਿਹਾ ਕਿ ਫੌਜ ਵਿਚ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਮੈਂ ਵੀ ਸ਼ਾਮਲ ਹਾਂ ਪਰ ਕਈ ਹੋਰ ਬਹਾਦਰ ਪੀੜਤਾਂ ਵਾਂਗ ਮੈਂ ਸ਼ਰੀਰਕ ਸ਼ੋਸ਼ਣ ਦੀ ਜਾਣਕਾਰੀ ਨਹੀਂ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਕਈ ਹੋਰ ਔਰਤਾਂ ਅਤੇ ਪੁਰਸ਼ਾਂ ਵਾਂਗ ਮੈਂ ਉਸ ਵੇਲੇ ਦੀ ਵਿਵਸਥਾ 'ਤੇ ਭਰੋਸਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਨੂੰ ਦੋਸ਼ੀ ਮੰਨਿਆ। ਮੈਂ ਸ਼ਰਮਿੰਦਾ ਅਤੇ ਸ਼ਸ਼ੋਪੰਜ ਵਿਚ ਸੀ ਅਤੇ ਮੈਂ ਸੋਚਿਆ ਕਿ ਮੈਂ ਮਜ਼ਬੂਤ ਹਾਂ ਪਰ ਖੁਦ ਨੂੰ ਬੇਬਸ ਮਹਿਸੂਸ ਕੀਤਾ। ਰੀਪਬਲੀਕਨ ਸੰਸਦ ਮੈਂਬਰ ਨੇ ਕਿਹਾ ਕਿ ਅਪਰਾਧੀਆਂ ਨੇ ਆਪਣੀਆਂ ਤਾਕਤਾਂ ਦੀ ਹੱਦ ਤੋਂ ਜ਼ਿਆਦਾ ਦੁਰਵਰਤੋਂ ਕੀਤੀ। ਉਨ੍ਹਾਂ ਨੇ ਕਿਹਾ ਕਿ ਇਕ ਮਾਮਲੇ ਵਿਚ ਮੈਨੂੰ ਸ਼ਿਕਾਰ ਬਣਾਇਆ ਗਿਆ ਅਤੇ ਇਕ ਸੀਨੀਅਰ ਅਧਿਕਾਰੀ ਨੇ ਮੇਰੇ ਨਾਲ ਜਬਰ ਜਨਾਹ ਕੀਤਾ। ਮੈਕਸੇਲੀ ਨੇ ਕਿਹਾ ਕਿ ਉਹ ਇਸ ਵਾਕਿਆ ਨੂੰ ਲੈ ਕੇ ਕਈ ਸਾਲਾਂ ਤੱਕ ਚੁੱਪ ਰਹੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਫੌਜ ਛੱਡਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪਰ ਬਾਅਦ ਵਿਚ ਮੇਰੇ ਕਰੀਅਰ ਵਿਚ ਜਿਵੇਂ-ਜਿਵੇਂ ਫੌਜ ਘੁਟਾਲਿਆਂ ਵਿਚ ਘਿਰਦੀ ਰਹੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਕੁਝ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਹੈ ਕਿ ਮੈਂ ਵੀ ਪੀੜਤ ਹਾਂ।

Sunny Mehra

This news is Content Editor Sunny Mehra