ਦੁਬਈ 'ਚ ਗੰਭੀਰ ਬੀਮਾਰ ਪਏ ਪੰਜਾਬੀ ਨੂੰ ਲਿਆਂਦਾ ਗਿਆ ਦੇਸ਼

03/27/2019 4:15:49 PM

ਦੁਬਈ (ਭਾਸ਼ਾ)— ਦੁਬਈ ਵਿਚ ਆਪਣੇ ਪੁੱਤਰ ਨੂੰ ਮਿਲਣ ਗਿਆ ਇਕ ਭਾਰਤੀ ਸ਼ਖਸ ਗੰਭੀਰ ਰੂਪ ਵਿਚ ਬੀਮਾਰ ਪੈ ਗਿਆ ਸੀ। ਭਾਰਤ ਦੇ ਪੰਜਾਬ ਦੇ ਰਹਿਣ ਵਾਲੇ 66 ਸਾਲਾ ਸੁਰਿੰਦਰ ਨਾਥ ਖੰਨਾ ਦੇ ਫੇਫੜਿਆਂ ਵਿਚ ਇਨਫੈਕਸ਼ਨ ਹੋਣ ਕਾਰਨ ਉਸ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਸ ਨੂੰ ਬਾਅਦ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਸਪਤਾਲ ਦਾ ਬਿੱਲ ਲਗਾਤਾਰ ਵੱਧਦਾ ਰਹਿਣ ਕਾਰਨ  ਹੁਣ ਉਨ੍ਹਾਂ ਨੂੰ ਭਾਰਤੀ ਭਾਈਚਾਰੇ ਦੀ ਮਦਦ ਨਾਲ ਏਅਰ ਐਂਬੂਲੈਂਸ ਜ਼ਰੀਏ ਦਿੱਲੀ ਲਿਆਂਦਾ ਗਿਆ ਹੈ।

ਦੁਬਈ ਦੇ ਇਕ ਹਸਪਤਾਲ ਦੇ ਵੱਧ ਰਹੇ ਬਿੱਲ ਨੂੰ ਦੇਖਦਿਆਂ ਭਾਰਤੀ ਭਾਈਚਾਰਾ ਇਸ ਵਿਅਕਤੀ ਦੀ ਮਦਦ ਲਈ ਅੱਗੇ ਆਇਆ। ਸੁਰਿੰਦਰ ਨਾਥ ਖੰਨਾ ਆਪਣੀ ਪਤਨੀ ਨਾਲ 14 ਮਾਰਚ ਨੂੰ ਦੁਬਈ ਪਹੁੰਚਿਆ ਸੀ। ਇਸ ਦੇ ਇਕ ਦਿਨ ਬਾਅਦ 15 ਮਾਰਚ ਦੀ ਸਵੇਰ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਲੱਗੀ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੁਬਈ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਭਾਰਤੀ ਭਾਈਚਾਰੇ ਅਤੇ ਡਾਕਟਰਾਂ ਨੂੰ ਇਸ ਪਰਿਵਾਰ ਦੇ ਸਹਿਯੋਗ ਲਈ ਅੱਗੇ ਆਉਣ 'ਤੇ ਧੰਨਵਾਦ ਦਿੱਤਾ ਕਿਉਂਕਿ ਇੱਥੇ ਹਸਪਤਾਲ ਵਿਚ ਉਨ੍ਹਾਂ ਦਾ ਕਈ ਲੱਖਾਂ ਦਾ ਬਿੱਲ ਬਣ ਗਿਆ ਸੀ। 

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਭਾਰਤੀ ਵਣਜ ਦੂਤਘਰ ਨੇ ਦੁਬਈ ਵਿਚ ਭਾਰਤੀ ਭਾਈਚਾਰੇ ਨੂੰ ਇਸ ਪਰਿਵਾਰ ਦੀ ਮਦਦ ਦੀ ਅਪੀਲ ਕੀਤੀ ਸੀ। ਕਈ ਕਾਰੋਬਾਰੀਆਂ ਨੇ ਖੰਨਾ ਦੇ ਬੇਟੇ ਅਨੁਭਵ ਦੀ ਬਿਹਤਰ ਚਾਰਟਰ ਜਹਾਜ਼ ਐਂਬੂਲੈਂਸ ਉਪਲਬਧ ਕਰਾਉਣ ਵਿਚ ਮਦਦ ਕੀਤੀ ਤਾਂ ਜੋ ਉਹ ਬੀਮਾਰ ਪਿਤਾ ਨੂੰ ਮਾਂ ਸਮੇਤ ਦਿੱਲੀ ਲੈ ਜਾ ਸਕੇ। ਦਿੱਲੀ ਵਿਚ ਉਸ ਦੇ ਪਿਤਾ ਦੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਅਨੁਭਵ ਨੇ ਇਕ ਹਸਪਤਾਲ ਦਾ ਧੰਨਵਾਦ ਕਰਦਿਆਂ ਕਿਹਾ,''ਮੈਂ ਕਦੇ ਇਕ ਨਿੱਜੀ ਹਸਪਤਾਲ ਨੂੰ ਇਸ ਹੱਦ ਤੱਕ ਦਰਿਆਦਿਲੀ ਦਿਖਾਉਂਦੇ ਹੋਏ ਨਹੀਂ ਦੇਖਿਆ ਹੈ। ਉਨ੍ਹਾਂ ਨੇ ਕੁਝ ਸ਼ੁਰੂਆਤੀ ਦਿਨਾਂ ਦੇ ਬਾਅਦ ਬਿੱਲ ਰੋਕ ਦਿੱਤਾ ਸੀ।''

Vandana

This news is Content Editor Vandana