ਕਸ਼ਮੀਰ ’ਚ ਦੁਬਈ ਵੱਲੋਂ ਨਿਵੇਸ਼ 'ਤੇ ਪਾਕਿ ਦੂਤ ਦਾ ਵੱਡਾ ਬਿਆਨ, ਇਮਰਾਨ ਖ਼ਾਨ ਨੂੰ ਦਿਖਾਇਆ ਸ਼ੀਸ਼ਾ

10/23/2021 10:19:37 AM

ਇਸਲਾਮਾਬਾਦ (ਭਾਸ਼ਾ) : ਭਾਰਤ ਵਿਚ ਪਾਕਿਸਤਾਨ ਦੇ ਦੂਤ ਰਹੇ ਅਬਦੁਲ ਬਾਸਿਤ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਵਿਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਦੁਬਈ ਸਰਕਾਰ ਦਾ ਇਕ ਸਮਝੌਤਾ ਪੱਤਰ (ਐਮ.ਓ.ਯੂ.) ’ਤੇ ਹਸਤਾਖ਼ਰ ਕਰਨਾ ‘ਭਾਰਤ ਲਈ ਵੱਡੀ ਸਫ਼ਲਤਾ’ ਹੈ, ਜਦੋਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਿਦੇਸ਼ ਨੀਤੀ ਨੂੰ ਝਟਕਾ ਹੈ। ਖੇਤਰ ਵਿਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਉਦਯੋਗ ਵਧਾਉਣ ਲਈ ਸ਼੍ਰੀਨਗਰ ਦੇ ਰਾਜਭਵਨ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਦੁਬਈ ਸਰਕਾਰ ਵਿਚਾਲੇ ਸੋਮਵਾਰ ਨੂੰ ਇਕ ਸਮਝੌਤੇ ’ਤੇ ਹਸਤਾਖ਼ਰ ਕੀਤੇ ਗਏ ਸੀ। ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਬਾਸਿਤ ਨੇ ਕਿਹਾ, ‘ਐਮ.ਓ.ਯੂ. ’ਤੇ ਹਸਤਾਖ਼ਰ ਕਰਨਾ ਭਾਰਤ ਲਈ ਇਕ ਵੱਡੀ ਸਫ਼ਲਤਾ ਹੈ, ਕਿਉਂਕਿ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦੇ ਮੈਂਬਰਾਂ ਨੇ ਹਮੇਸ਼ਾ ਹੀ ਕਸ਼ਮੀਰ ’ਤੇ ਪਾਕਿਸਤਾਨ ਦੀਆਂ ਭਾਵਨਾਵਾਂ ਨੂੰ ਅੱਗੇ ਰੱਖਿਆ ਹੈ।’ ਬਾਸਿਤ 2014 ਤੋਂ 2017 ਵਿਚਾਲੇ ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਸਨ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਦੇ ਸਿੱਖਾਂ ਦੇ ਸਾਹਮਣੇ ਧਰਮ ਸੰਕਟ, ਸੁੰਨੀ ਇਸਲਾਮ ਪ੍ਰਵਾਨ ਕਰੋ ਜਾਂ ਦੇਸ਼ ਛੱਡੋ

‘ਦਿ ਨਿਊਜ਼ ਇੰਟਰਨੈਸ਼ਨਲ’ ਸਮਾਚਾਰ ਪੱਤਰ ਨੇ ਉਨ੍ਹਾਂ ਦੇ ਹਵਾਲੇ ਤੋਂ ਕਿਹਾ, ‘ਅਤੀਤ ਵਿਚ, ਉਨ੍ਹਾਂ ਨੇ (ਓ.ਆਈ.ਸੀ. ਮੈਂਬਰ ਦੇਸ਼ਾਂ ਨੇ) ਅਜਿਹਾ ਕੁੱਝ ਨਹੀਂ ਕੀਤਾ ਸੀ ਕਿ ਪਾਕਿਸਤਾਨ ਨੂੰ ਲੱਗਦਾ ਕਿ ਮੁਸਲਿਮ ਦੇਸ਼ ਅਤੇ ਓ.ਆਈ.ਸੀ. ਕਸ਼ਮੀਰ ਮੁੱਦੇ ’ਤੇ ਸਾਡੇ ਨਾਲ ਨਹੀਂ ਖੜ੍ਹੇ ਹਨ। ਉਹ ਜ਼ਿਆਦਾ ਬੋਲ ਨਹੀਂ ਸਕਦੇ ਹਨ ਪਰ ਕਸ਼ਮੀਰ ’ਤੇ ਸਾਡੀਆਂ ਭਾਵਨਾਵਾਂ ਖ਼ਿਲਾਫ਼ ਕੰਮ ਨਹੀਂ ਕਰਨਾ ਚਾਹੀਦਾ ਸੀ।’ ਉਨ੍ਹਾਂ ਕਿਹਾ, ‘ਹੱਲ ਲੱਭਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਪਰ ਕੀ ਇਹ ਸਵੀਕਾਰਯੋਗ ਹੈ ਕਿ ਹਰ ਚੀਜ਼ ਇਕ ਪਾਸੜ ਹੋਵੇ ਅਤੇ ਭਾਰਤ ਲਈ ਮੈਦਾਨ ਖਾਲ੍ਹੀ ਕਰ ਦਿੱਤਾ ਜਾਏ। ਹੁਣ ਸਥਿਤੀ ਇਹ ਹੈ ਕਿ ਮੁਸਲਿਮ ਦੇਸ਼ ਭਾਰਤ ਨਾਲ ਐਮ.ਓ.ਯੂ. ’ਤੇ ਹਸਤਾਖ਼ਰ ਕਰ ਰਹੇ ਹਨ।’ ਵਣਜ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਵਿਸ਼ਵ ਦਾ ਭਾਰਤ ’ਤੇ ਭਰੋਸਾ ਹੈ ਅਤੇ ਦੇਸ਼ ਭਵਿੱਖ ਵਿਚ ਗਲੋਬਲ ਵਪਾਰ ਵਿਚ ਅਹਿਮ ਭੂਮਿਕਾ ਨਿਭਾਏਗਾ।

ਇਹ ਵੀ ਪੜ੍ਹੋ : ਕੀ 26 ਤਾਰੀਖ਼ ਨੂੰ ਹੋਣ ਵਾਲੀ ਮੀਟਿੰਗ ’ਚ ‘Covaxin’ ਨੂੰ ਮਿਲੇਗੀ ਮਨਜ਼ੂਰੀ? ਜਾਣੋ WHO ਦਾ ਬਿਆਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

cherry

This news is Content Editor cherry