ਦੁਬਈ 'ਚ ਛੁੱਟੀਆਂ ਮਨਾਉਣ ਗਏ ਭਾਰਤੀ ਕਾਰੋਬਾਰੀ ਦੀ ਮੌਤ

01/08/2020 1:18:05 PM

ਦੁਬਈ (ਭਾਸ਼ਾ): ਦੁਬਈ ਵਿਚ ਛੁੱਟੀਆਂ ਦੌਰਾਨ ਇਕ ਭਾਰਤੀ ਕਾਰੋਬਾਰੀ ਦੀ ਮੌਤ ਹੋ ਗਈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਗਲਫ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਨੇਮ ਚੰਦ ਜੈਨ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਉਹਨਾਂ ਦੇ 62ਵੇਂ ਜਨਮਦਿਨ ਲਈ ਬੁੱਕ ਕੀਤੀ ਗਈ ਫਲਾਈਟ ਵਿਚ ਵਾਪਸ ਭੇਜੀ ਜਾਵੇਗੀ। ਟ੍ਰਿਪ ਦੇ ਆਯੋਜਕ ਨੇ ਕਿਹਾ ਕਿ ਜੈਨ ਪੰਜਾਬ ਦੇ ਇਕ ਕਾਰੋਬਾਰੀ ਸਨ ਅਤੇ ਚਾਰ ਬੱਚਿਆਂ ਦੇ ਦਾਦਾ ਸਨ। ਉਹਨਾਂ ਦੀ ਪਤਨੀ ਰੋਜ਼ੀ 2 ਜਨਵਰੀ ਨੂੰ ਭਾਰਤ ਦੇ ਵਿਭਿੰਨ ਹਿੱਸਿਆਂ ਤੋਂ 18 ਹੋਰ ਲੋਕਾਂ ਦੇ ਸਮੂਹ ਨਾਲ ਦੁਬਈ ਆਈ ਸੀ। 

ਆਯੋਜਕ ਨੇ ਮੰਗਲਵਾਰ ਨੂੰ ਗਲਫ ਨਿਊਜ਼ ਨੂੰ ਦੱਸਿਆ ਕਿ ਐਤਵਾਰ ਦੁਪਹਿਰ ਵੇਲੇ ਨੇਮ ਚੰਦ ਜਦੋਂ ਦੁਬਈ ਦੇ ਇਕ ਹੋਟਲ ਵਿਚ ਇਕ ਪੂਲ ਵਿਚ ਤੈਰਾਕੀ ਕਰ ਰਹੇ ਸਨ ਉਦੋਂ ਉਹਨਾਂ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ। ਯਾਤਰੀਆਂ ਦਾ ਇਹ ਸਮੂਹ ਇਸੇ ਹੋਟਲ ਵਿਚ ਰਹਿ ਰਿਹਾ ਸੀ। ਆਯੋਜਕ ਨੇ ਅੱਗੇ ਦੱਸਿਆ,''ਨੇਮ ਚੰਦ ਇਹ ਕਹਿੰਦੇ ਹੋਏ ਪੂਲ ਵਿਚੋਂ ਬਾਹਰ ਆ ਗਏ ਕਿ ਉਹਨਾਂ ਨੂੰ ਥਕਾਵਟ ਅਤੇ ਬੇਚੈਨੀ ਮਹਿਸੂਸ ਹੋ ਰਹੀ ਹੈ। ਉਹਨਾਂ ਦੀ ਪਤਨੀ ਰੋਜ਼ੀ ਨੇ ਉਹਨਾਂ ਨੂੰ ਕਮਰੇ ਵਿਚ ਜਾਣ ਅਤੇ ਥੋੜ੍ਹੀ ਚਾਹ ਪੀਣ ਦੀ ਸਲਾਹ ਦਿੱਤੀ ਪਰ ਉਹ ਉੱਪਰ ਨਹੀਂ ਜਾ ਸਕੇ। ਪੌੜੀਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਬੇਹੋਸ਼ ਹੋ ਕੇ ਡਿੱਗ ਪਏ।'' 

ਆਯੋਜਕ ਨੇ ਦੱਸਿਆ,''ਨੇਮ ਚੰਦ ਦੀ ਇਹ ਪਹਿਲੀ ਵਿਦੇਸ਼ ਯਾਤਰਾ ਸੀ। ਉਹ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਉਹ ਦੁਬਈ ਨੂੰ ਪਸੰਦ ਕਰਦੇ ਸਨ ਅਤੇ ਇੱਥੇ ਵੱਸਣਾ ਚਾਹੁੰਦੇ ਸਨ।''

Vandana

This news is Content Editor Vandana